ਨੈਸ਼ਨਲ ਡੈਸਕ- ਪਹਿਲਗਾਮ ‘ਚ 23 ਅਪ੍ਰੈਲ 2025 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ, ਜਿਸ ‘ਚ ਅੱਤਵਾਦੀਆਂ ਨੇ 26 ਬੇਗੁਨਾਹ ਲੋਕਾਂ ਦਾ ਧਰਮ ਪੁੱਛਣ ਮਗਰੋਂ ਕਤਲ ਕਰ ਦਿੱਤਾ ਸੀ, ਦੇ ਜਵਾਬ ‘ਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਇਸੇ ਦੌਰਾਨ ਭਾਰਤੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਬੁੱਧਵਾਰ ਨੂੰ ‘ਆਪ੍ਰੇਸ਼ਨ ਸਿੰਦੂਰ’ ਦੀ ਪਹਿਲੀ ਵਰ੍ਹੇਗੰਢ ਮੌਕੇ ਇਸ ਨੂੰ ਭਾਰਤ ਦੀ ਰਣਨੀਤਕ ਯਾਤਰਾ ਦਾ “ਨਿਰਣਾਇਕ ਪਲ” ਕਰਾਰ ਦਿੱਤਾ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਨੇ 7 ਮਈ 2025 ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ ਤੇ ਪਾਕਿਸਤਾਨ ਅਤੇ PoK ‘ਚ ਸਥਿਤ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ 9 ਵੱਡੇ ਲਾਂਚਪੈਡ ਤਬਾਹ ਕਰ ਦਿੱਤੇ ਸਨ। ਇਸ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਜਦੋਂ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਦਾ ਡਰੋਨਾਂ ਅਤੇ ਗੋਲਾਬਾਰੀ ਰਾਹੀਂ ਜਵਾਬ ਦਿੱਤਾ ਤਾਂ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਲਾਹੌਰ ਅਤੇ ਗੁਜਰਾਂਵਾਲਾ ਨੇੜੇ ਪਾਕਿਸਤਾਨੀ ਰਡਾਰ ਸਿਸਟਮਾਂ ਨੂੰ ਤਬਾਹ ਕਰ ਦਿੱਤਾ। 4 ਦਿਨਾਂ ਤੱਕ ਚੱਲੀ ਭਿਆਨਕ ਜੰਗ ਤੋਂ ਬਾਅਦ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਨੇ ਭਾਰਤ ਨਾਲ ਸੰਪਰਕ ਕੀਤਾ ਅਤੇ ਦੋਵਾਂ ਧਿਰਾਂ ਵਿਚਾਲੇ 10 ਮਈ 2025 ਨੂੰ ਜੰਗਬੰਦੀ ‘ਤੇ ਸਹਿਮਤੀ ਬਣੀ।
ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗਢ ਮੌਕੇ ਜੈਪੁਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਘਈ ਨੇ ਕਿਹਾ, “ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਸੀ, ਸਗੋਂ ਅੱਤਵਾਦ ਖ਼ਿਲਾਫ਼ ਭਾਰਤ ਦੇ ਨਜ਼ਰੀਏ ਵਿੱਚ ਇੱਕ ਵੱਡਾ ਬਦਲਾਅ ਸੀ। ਅਸੀਂ ਪਹਿਲੀ ਵਾਰ ਸਰਹੱਦ ਪਾਰ ਜਾ ਕੇ ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਨਿਸ਼ਾਨਾ ਬਣਾਇਆ।” ਉਨ੍ਹਾਂ ਦੁਸ਼ਯੰਤ ਕੁਮਾਰ ਦੀਆਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਸਿਰਫ਼ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਨੀ ਚਾਹੀਏ।”
ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨਾਂ ਫੌਜਾਂ ਵੱਲੋਂ ਚਲਾਇਆ ਗਿਆ ਇਹ ਆਪ੍ਰੇਸ਼ਨ ਕੋਈ ਅੰਤ ਨਹੀਂ, ਸਗੋਂ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਇੱਕ ਸ਼ੁਰੂਆਤ ਸੀ। ਜਨਰਲ ਘਈ ਨੇ ਦੱਸਿਆ ਕਿ ਸਰਕਾਰ ਨੇ ਫੌਜ ਨੂੰ ਸਾਫ਼ ਹੁਕਮ ਦਿੱਤੇ ਸਨ ਦਿੱਤੇ ਸਨ ਅਤੇ ਕਾਰਵਾਈ ਕਰਨ ਲਈ ਪੂਰੀ ਖੁੱਲ੍ਹ ਦਿੱਤੀ ਸੀ। ਇਸ ਦਾ ਮੁੱਖ ਟੀਚਾ ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕਣਾ ਅਤੇ ਅੱਤਵਾਦ ਦੇ ਅੱਡਿਆਂ ਨੂੰ ਜੜ੍ਹੋਂ ਉਖਾੜਨਾ ਸੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਨਸੀਹਤ ਦਿੱਤੀ ਕਿ ਅੱਤਵਾਦ ‘ਤੇ ਪੈਸਾ ਖ਼ਰਚਣ ਨਾਲੋਂ ਦੇਸ਼ ਦੀ ਰੱਖਿਆ ਪ੍ਰਣਾਲੀ ‘ਚ ਸੁਧਾਰ ਕਰੇ।















