NEET ਪੇਪਰ ਮਾਮਲੇ ‘ਤੇ PM ਮੋਦੀ ਦਾ ਬਿਆਨ ਆਇਆ ਸਾਹਮਣੇ, ਕਿਸਾਨਾਂ ਨੂੰ ਲੈ ਕੇ ਵੀ ਆਖ਼ੀ ਇਹ ਗੱਲ

ਨਵੀਂ ਦਿੱਲੀ- ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ‘ਚ ਧਾਂਦਲੀ ਦੀ ਰਿਪੋਰਟ ਸਾਹਮਣੇ ਆਉਂਦੇ ਹੀ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਅਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨੌਜਵਾਨਾਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦੇਵਾਂਗੇ। ਰਿਜਿਜੂ ਨੇ ਮੰਗਲਵਾਰ ਨੂੰ ਕਿਹਾ,”ਨੀਟ ਪ੍ਰੀਖਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਗੜਬੜੀ ਦੀਆਂ ਖਬਰਾਂ ਮਿਲਣ ‘ਤੇ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ। 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ।”
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਭਵਿੱਖ ਨੂੰ ਪਹਿਲ ਦਿੰਦੇ ਹੋਏ ਬਿਨਾਂ ਕਿਸੇ ਦੇਰੀ ਦੇ ਮੁੜ ਪ੍ਰੀਖਿਆ ਕਰਵਾਈ ਗਈ ਅਤੇ ਨਤੀਜੇ ਐਲਾਨ ਕੀਤੇ ਗਏ। ਸੰਸਦੀ ਕਾਰਜ ਮੰਤਰੀ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਭਵਿੱਖ ‘ਚ ਪੇਪਰ ਲੀਕ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਗਏ ਸਖ਼ਤ ਕਦਮਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਮਿਲ ਕੇ ਇਕ ਅਜਿਹੀ ਵਿਵਸਥਾ ਬਣਾਉਣ ‘ਤੇ ਜ਼ੋਰ ਦਿੱਤਾ, ਜਿਸ ‘ਚ ਕੋਈ ਕਮੀ ਨਾ ਹੋਵੇ।
ਭਾਰਤ-ਅਮਰੀਕਾ ਟ੍ਰੇਡ ਡੀਲ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ
ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਹਾਲ ਦੇ ਮਹੀਨਿਆਂ ‘ਚ ਦੇਸ਼ ਦੀਆਂ ਕਾਮਯਾਬੀਆਂ ਦਾ ਜ਼ਿਕਰ ਕੀਤਾ ਅਤੇ ਵੱਖ-ਵੱਖ ਦੇਸ਼ਾਂ ਨਾਲ ਹੋਏ FTA (ਮੁਕਤ ਵਪਾਰ ਸਮਝੌਤਿਆਂ) ਬਾਰੇ ਗੱਲ ਕੀਤੀ। ਇਨ੍ਹਾਂ ਸਮਝੌਤਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ-ਅਮਰੀਕਾ ਟ੍ਰੇਡ ਡੀਲ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨਾਲ ਹੋਣ ਵਾਲੇ FTA ‘ਚ ਕਿਸਾਨਾਂ ਦਾ ਕਲਿਆਣ ਸਭ ਤੋਂ ਅਹਿਮ ਹੁੰਦਾ ਹੈ ਤਾਂ ਕਿ ਇਹ ਸਮਝੌਤੇ ਕਿਸਾਨਾਂ ਅਤੇ ਦੇਸ਼, ਦੋਵਾਂ ਦੇ ਹੀ ਸਰਵਉੱਚ ਹਿੱਤਾਂ ਨੂੰ ਪੂਰਾ ਕਰ ਸਕਣ।