ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰਾਂ ‘ਤੇ ਨਸਲੀ ਹਮਲੇ ! ਸਰਕਾਰ ਨੇ ਚੁੱਕਿਆ ਸਖ਼ਤ ਕਦਮ

ਇੰਟਰਨੈਸ਼ਨਲ ਡੈਸਕ: ਆਸਟ੍ਰੇਲੀਆ ਦੇ ਟਰਾਂਸਪੋਰਟ ਸੈਕਟਰ ਵਿੱਚ ਕੰਮ ਕਰ ਰਹੇ ਭਾਰਤੀ ਅਤੇ ਖ਼ਾਸਕਰ ਪੰਜਾਬੀ ਟਰੱਕ ਡਰਾਈਵਰਾਂ ਨੂੰ ਗੰਭੀਰ ਨਸਲੀ ਵਿਤਕਰੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਇੱਕ ਜਾਂਚ ਰਿਪੋਰਟ ਅਨੁਸਾਰ ਪੱਗਾਂ ਬੰਨਣ, ਆਪਸ ਵਿੱਚ ਪੰਜਾਬੀ ਬੋਲਣ ਅਤੇ ਵੱਖਰੇ ਲਹਿਜ਼ੇ ਕਾਰਨ ਪੰਜਾਬੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇੱਕ ਸੀਬੀ ਰੇਡੀਓ ਦੀ ਆਡੀਓ ਕਲਿੱਪ ਵਿੱਚ ਪੰਜਾਬੀਆਂ ਨੂੰ ਜਾਨੋਂ ਮਾਰਨ, ਉਨ੍ਹਾਂ ਦੇ ਬੱਚਿਆਂ ਨੂੰ ਡੁਬੋਣ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖ਼ੌਫ਼ਨਾਕ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਬਹੁਤ ਸਾਰੇ ਡਰਾਈਵਰਾਂ ਨੇ ਡਰ ਦੇ ਮਾਰੇ ਰੇਡੀਓ ਦੀ ਵਰਤੋਂ ਹੀ ਬੰਦ ਕਰ ਦਿੱਤੀ ਹੈ।
ਇਸ ਦੌਰਾਨ ਕਈ ਦਰਦਨਾਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਕ ਪੰਜਾਬੀ ਡਰਾਈਵਰ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਇੱਕ ਟਰੱਕ ਸਟਾਪ ‘ਤੇ ਜਦੋਂ ਉਹ ਆਪਣੀ ਪਤਨੀ ਨਾਲ ਫ਼ੋਨ ‘ਤੇ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ, ਤਾਂ ਇੱਕ ਸਥਾਨਕ ਵਿਅਕਤੀ ਨੇ ਉਸ ‘ਤੇ ਥੁੱਕ ਦਿੱਤਾ ਅਤੇ ਅੰਗਰੇਜ਼ੀ ਵਿੱਚ ਗੱਲ ਕਰਨ ਲਈ ਕਿਹਾ। ਇਸੇ ਤਰ੍ਹਾਂ 10 ਸਾਲਾਂ ਦੇ ਤਜਰਬੇ ਵਾਲੇ ਇਕ ਹੋਰ ਪੰਜਾਬੀ ਨੇ ਲਗਾਤਾਰ ਹੁੰਦੀਆਂ ਨਸਲੀ ਟਿੱਪਣੀਆਂ ਅਤੇ ਪੱਗ ਦਾ ਮਜ਼ਾਕ ਉਡਾਏ ਜਾਣ ਤੋਂ ਤੰਗ ਆ ਕੇ ਮਹਿਜ਼ 8 ਮਹੀਨਿਆਂ ਵਿੱਚ ਹੀ ਆਪਣੀ ਜੌਬ ਛੱਡ ਦਿੱਤੀ। ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ (ATA) ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ (NHVR) ਨੇ ਇਸ ਘਿਨੌਣੇ ਵਿਵਹਾਰ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਮਾਨਸਿਕ ਸਟ੍ਰੈੱਸ ਕਾਰਨ ਸੜਕ ਹਾਦਸਿਆਂ ਦਾ ਰਿਸਕ ਵਧ ਸਕਦਾ ਹੈ।
ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸਟ੍ਰੇਲੀਆਈ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਇੱਕ ਆਰਕੈਸਟਰਾ ਵਾਂਗ ਹੈ ਜਿੱਥੇ ਹਰ ਸੱਭਿਆਚਾਰ ਦਾ ਆਪਣਾ ਸਥਾਨ ਹੈ ਅਤੇ ਭਾਰਤੀ-ਸਿੱਖ ਭਾਈਚਾਰੇ ਵਿਰੁੱਧ ਅਜਿਹੀ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਹਰ ਵੱਡੇ ਸ਼ਹਿਰ ਵਿੱਚ ਮਾਈਗ੍ਰੈਂਟ ਵਰਕਰ ਸਪੋਰਟ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਡਰਾਈਵਰ ਬਿਨਾਂ ਕਿਸੇ ਝਿਜਕ ਜਾਂ ਵੀਜ਼ਾ ਰੱਦ ਹੋਣ ਦੇ ਡਰ ਤੋਂ ਗੁਪਤ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਵੀਜ਼ਾ ਸੁਰੱਖਿਆ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ, ਜੇਕਰ ਕੋਈ ਕਾਮਾ ਆਪਣੇ ਨਾਲ ਹੋ ਰਹੀ ਬਦਸਲੂਕੀ ਜਾਂ ਸ਼ੋਸ਼ਣ ਦੀ ਰਿਪੋਰਟ ਕਰਦਾ ਹੈ, ਤਾਂ ਉਸਦਾ ਮਾਲਕ ਬਦਲਾ ਲੈਣ ਦੀ ਨੀਅਤ ਨਾਲ ਉਸਦਾ ਵੀਜ਼ਾ ਰੱਦ ਨਹੀਂ ਕਰਵਾ ਸਕੇਗਾ। ਬਰਕ ਅਨੁਸਾਰ ਪੁਰਾਣੇ ਸਿਸਟਮ ਵਿੱਚ ਕਾਮਿਆਂ ਕੋਲ ਕੋਈ ਤਾਕਤ ਨਹੀਂ ਸੀ, ਪਰ ਇਹ ਨਵਾਂ ਸੁਧਾਰ ਉਨ੍ਹਾਂ ਨੂੰ ਨਿਡਰ ਹੋ ਕੇ ਬੋਲਣ ਦੀ ਸ਼ਕਤੀ ਦੇਵੇਗਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਲਗਭਗ 5,000 ਤੋਂ 8,000 ਪੰਜਾਬੀ ਟਰੱਕ ਡਰਾਈਵਰ ਹਨ ਜੋ ਦੇਸ਼ ਦੀ ਸਪਲਾਈ ਚੇਨ ਅਤੇ ਲੌਜਿਸਟਿਕਸ ਸੈਕਟਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇੰਟਰਨੈਸ਼ਨਲ ਰੋਡ ਟਰਾਂਸਪੋਰਟ ਯੂਨੀਅਨ ਅਨੁਸਾਰ ਆਸਟ੍ਰੇਲੀਆ ਵਿੱਚ ਪਹਿਲਾਂ ਹੀ 28,000 ਭਾਰੀ ਵਾਹਨ ਚਾਲਕਾਂ ਦੀ ਸ਼ਾਰਟੇਜ ਹੈ। ਅਜਿਹੇ ਵਿੱਚ ਨਸਲੀ ਹਮਲਿਆਂ ਕਾਰਨ ਭਾਰਤੀ ਡਰਾਈਵਰਾਂ ਦਾ ਇਹ ਖੇਤਰ ਛੱਡਣਾ ਆਸਟ੍ਰੇਲੀਆਈ ਅਰਥਵਿਵਸਥਾ ਅਤੇ ਟਰਾਂਸਪੋਰਟ ਪ੍ਰਣਾਲੀ ਲਈ ਇੱਕ ਵੱਡਾ ਸੰਕਟ ਖੜ੍ਹਾ ਕਰ ਸਕਦਾ ਹੈ।