ਇੰਦੌਰ : ਲੋਕਾਯੁਕਤ ਪੁਲਸ ਨੇ ਇੰਦੌਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਹਾਤੇ ‘ਤੇ ਬੁੱਧਵਾਰ ਨੂੰ ਛਾਪਾ ਮਾਰਿਆ। ਨਾਲ ਹੀ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਲਗਭਗ ₹9.50 ਕਰੋੜ ਦੀ ਜਾਇਦਾਦ ਦਾ ਪਤਾ ਲਗਾਇਆ। ਪੁਲਸ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਦੇ ਅਨੁਸਾਰ, ਇਹ ਜਾਇਦਾਦਾਂ ਅਧਿਕਾਰੀ ਦੀ ਲਗਭਗ ₹2.5 ਕਰੋੜ ਦੀ ਸਰਕਾਰੀ ਤਨਖਾਹ ਤੋਂ ਲਗਭਗ ਚਾਰ ਗੁਣਾ ਜ਼ਿਆਦਾ ਹਨ।
ਪੁਲਸ ਸੁਪਰਡੈਂਟ ਰਾਜੇਸ਼ ਸਹਾਏ ਨੇ ਦੱਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਲਕਸ਼ਮੀਨਾਰਾਇਣ ਕੰਡਵਾਲ ਵਿਰੁੱਧ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਇੱਕ ਘਰ, ਇੱਕ ਜਿੰਮ, ਇੱਕ ਡਿਪਾਰਟਮੈਂਟਲ ਸਟੋਰ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਸ ਸੁਪਰਡੈਂਟ ਦੇ ਅਨੁਸਾਰ, ਕੰਡਵਾਲ 1996 ਤੋਂ ਸਰਕਾਰੀ ਨੌਕਰੀ ਵਿੱਚ ਹਨ ਅਤੇ ਉਨ੍ਹਾਂ ਦੇ 30 ਸਾਲਾਂ ਦੌਰਾਨ ਉਨ੍ਹਾਂ ਦੀ ਕੁੱਲ ਤਨਖਾਹ ਆਮਦਨ ਲਗਭਗ ₹2.5 ਕਰੋੜ ਰਹੀ ਹੈ।
ਉਨ੍ਹਾਂ ਕਿਹਾ, “ਛਾਪੇਮਾਰੀ ਦੌਰਾਨ ਹੁਣ ਤੱਕ ਕੰਡਵਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਲਗਭਗ 9.50 ਕਰੋੜ ਰੁਪਏ ਦੀਆਂ ਜਾਇਦਾਦਾਂ ਦਾ ਪਤਾ ਲਗਾਇਆ ਗਿਆ ਹੈ।” ਸਹਾਏ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਵਿੱਚ ਇੰਦੌਰ ਵਿੱਚ ਲਗਭਗ 13,500 ਵਰਗ ਫੁੱਟ ਦੀ ਇੱਕ ਬਹੁ-ਮੰਜ਼ਿਲਾ ਇਮਾਰਤ ਅਤੇ ਦੋ ਪਲਾਟ ਜ਼ਮੀਨ ਸ਼ਾਮਲ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਛਾਪਿਆਂ ਵਿੱਚ ਇੰਦੌਰ ਦੇ ਨੇੜੇ ਪੀਤਮਪੁਰ ਉਦਯੋਗਿਕ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ 11 ਪਲਾਟਾਂ ਦਾ ਵੀ ਪਤਾ ਲੱਗਾ ਹੈ। ਸਹਾਏ ਨੇ ਕਿਹਾ ਕਿ ਸਬੰਧਤ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਐਕਟ 2018 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀ ਦੀਆਂ ਜਾਇਦਾਦਾਂ ਦਾ ਵਿਸਤ੍ਰਿਤ ਮੁਲਾਂਕਣ ਜਾਰੀ ਹੈ।















