ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਜੇ.ਈ.ਈ. ਐਡਵਾਂਸਡ ਵਿਚ ਤੀਜਾ ਮੌਕਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿਨ੍ਹਾਂ ਨੇ 5 ਨਵੰਬਰ ਤੋਂ 18 ਨਵੰਬਰ 2024 ਵਿਚਕਾਰ ਪ੍ਰੀਖਿਆ ਦੀ ਤਿਆਰੀ ਲਈ ਆਪਣਾ ਇੰਜੀਨੀਅਰਿੰਗ ਕੋਰਸ ਛੱਡ ਦਿੱਤਾ ਸੀ। ਅਦਾਲਤ ਨੇ ਸੰਯੁਕਤ ਦਾਖਲਾ ਬੋਰਡ (ਜੇ. ਏ. ਬੀ.) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਜੇ. ਈ. ਈ. ਐਡਵਾਂਸਡ 2025 ਦੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦੇਵੇ।
ਸੁਪਰੀਮ ਕੋਰਟ ਨੇ ਇਹ ਹੁਕਮ ਸ਼ੁੱਕਰਵਾਰ ਨੂੰ ਜੇ. ਈ. ਈ. ਐਡਵਾਂਸਡ ਵਿਚ ਕੋਸ਼ਿਸ਼ਾਂ ਦੀ ਗਿਣਤੀ 3 ਤੋਂ ਘਟਾ ਕੇ 2 ਕਰਨ ਦੇ ਸੰਯੁਕਤ ਦਾਖਲਾ ਬੋਰਡ ਦੇ ਫੈਸਲੇ ਖਿਲਾਫ ਦਾਖਲ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤਾ। ਹਾਲਾਂਕਿ, ਅਦਾਲਤ ਨੇ ਬੋਰਡ ਦੇ ਸਾਰੇ ਵਿਦਿਆਰਥੀਆਂ ਲਈ ਕੋਸ਼ਿਸ਼ਾਂ ਦੀ ਗਿਣਤੀ 3 ਤੋਂ ਘਟਾ ਕੇ 2 ਕਰਨ ਦੇ ਫੈਸਲੇ ਵਿਚ ਦਖ਼ਲ ਦੇਣ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ। ਪਟੀਸ਼ਨ ਦੀ ਸੁਣਵਾਈ ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕੀਤੀ।















