ICC ਟੈੱਸਟ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਵਿਰਾਟ, ਇਹ ਭਾਰਤੀ ਵੀ ਆਏ ਪਹਿਲੇ ਦਸਾਂ ‘ਚ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਕੱਲ੍ਹ ਜਾਰੀ ICC ਟੈੱਸਟ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਐ ਜਦੋਂਕਿ ਚੇਤੇਸ਼ਵਰ ਪੁਜਾਰਾ ਸੱਤਵੇਂ ਅਤੇ ਅਜਿੰਕਿਆ ਰਹਾਣੇ 10ਵੇਂ ਸਥਾਨ ‘ਤੇ ਹਨ। ਕੋਹਲੀ 886 ਰੇਟਿੰਗ ਅੰਕਾਂ ਨਾਲ ਭਾਰਤੀ ਬੱਲੇਬਾਜ਼ਾਂ ‘ਚ ਸਿਖਰ ‘ਤੇ ਹੈ, ਪਰ ਉਹ ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿਥ (911 ਅੰਕ) ਤੋਂ ਪਿੱਛੇ ਹੈ। ਨਿਊ ਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਖ਼ਿਸਕ ਗਿਐ। ਉਸ ਤੋਂ ਬਾਅਦ ਆਸਟਰੇਲੀਆ ਦੇ ਨੌਜਵਾਨ ਬੱਲੇਬਾਜ਼ ਮਾਰਨਸ ਲਾਬੁਸ਼ੇਨ, ਪਾਕਿਸਤਾਨ ਦੇ ਬਾਬਰ ਆਜ਼ਮ ਅਤੇ ਜ਼ਖ਼ਮੀ ਡੇਵਿਡ ਵਾਰਨਰ ਦਾ ਨੰਬਰ ਆਉਂਦਾ ਹੈ। ਪੁਜਾਰਾ 766 ਅੰਕ ਨਾਲ ਇਸ ਸੂਚੀ ‘ਚ ਸੱਤਵੇਂ ਸਥਾਨ ‘ਤੇ ਹੈ। ਉਸ ਤੋਂ ਬਾਅਦ ਬੈੱਨ ਸਟੋਕਸ (760), ਜੋ ਰੂਟ (738) ਅਤੇ ਭਾਰਤੀ ਟੈੱਸਟ ਉੱਪ ਕਪਤਾਨ ਰਹਾਣੇ (726) ਸਿਖਰ 10 ‘ਚ ਸ਼ਾਮਿਲ ਬੱਲੇਬਾਜ਼ ਹਨ।
ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ (779 ਅੰਕ) ਅਤੇ ਦਿੱਗਜ ਆਫ਼ ਸਪਿਨਰ ਰਵੀ ਚੰਦਰਨ ਅਸ਼ਵਿਨ (756) ਗੇਂਦਬਾਜ਼ੀ ਰੈਂਕਿੰਗ ‘ਚ ਕਰਮਵਾਰ ਅੱਠਵੇਂ ਅਤੇ 10ਵੇਂ ਸਥਾਨ ‘ਤੇ ਹਨ। ਇਸ ਸੂਚੀ ‘ਚ ਆਸਟਰੇਲੀਆ ਦੇ ਪੈਟ ਕਮਿਨਜ਼ (904) ਸਿਖਰ ‘ਤੇ ਹੈ। ਉਸ ਤੋਂ ਬਾਅਦ ਇੰਗਲੈਂਡ ਦੇ ਸਟੁਅਰਟ ਬਰੌਡ ਅਤੇ ਨਿਊ ਜ਼ੀਲੈਂਡ ਦੇ ਨੀਲ ਵੈਗਨਰ ਦਾ ਨੰਬਰ ਆਉਂਦਾ ਹੈ। ਭਾਰਤ ਦੇ ਦੋ ਖਿਡਾਰੀ ਰਵਿੰਦਰ ਜਡੇਜਾ ਅਤੇ ਅਸ਼ਵਿਨ ਆਲਰਾਊਂਡਰਾਂ ਦੀ ਸੂਚੀ ‘ਚ ਸਿਖਰ ਦੇ 10 ਖਿਡਾਰੀਆਂ ‘ਚ ਸ਼ਾਮਿਲ ਹਨ। ਸਟੋਕਸ ਇਸ ਸੂਚੀ ‘ਚ ਸਿਖ਼ਰ ‘ਤੇ ਹੈ। ਜਡੇਜਾ 397 ਰੇਟਿੰਗ ਅੰਕਾਂ ਨਾਲ ਵੈੱਸਟ ਇੰਡੀਜ਼ ਦੇ ਜੇਸਨ ਹੋਲਡਰ ਤੋਂ ਬਾਅਦ ਤੀਜੇ ਸਥਾਨ ‘ਤੇ ਹੈ ਜਦੋਂਕਿ ਅਸ਼ਵਿਨ ਦੇ 281 ਅੰਕ ਹੈ ਅਤੇ ਉਹ ਛੇਵੇਂ ਸਥਾਨ ‘ਤੇ ਹੈ।
ਟੀਮਾਂ ਦੀ ICC ਟੈੱਸਟ ਰੈਂਕਿੰਗ ‘ਚ ਭਾਰਤ ਅਜੇ ਤੀਜੇ ਸਥਾਨ ‘ਤੇ ਹੈ ਕਿਉਂਕਿ ਨਿਊਜ਼ੀਲੈਂਡ ਹਾਲ ਹੀ ‘ਚ ਵੈੱਸਟ ਇੰਡੀਜ ‘ਤੇ 2-0 ਦੀ ਜਿੱਤ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਦੇ 114 ਅੰਕ ਹਨ ਅਤੇ ਉਹ ਨਿਊ ਜ਼ੀਲੈਂਡ ਅਤੇ ਸੂਚੀ ‘ਚ ਸਿਖਰ ‘ਤੇ ਕਾਬਿਜ਼ ਆਸਟਰੇਲੀਆ ਤੋਂ ਦੋ ਅੰਕ ਪਿੱਛੇ ਹੈ। ਆਸਟਰੇਲੀਆ ਦਸ਼ਮਲਵ ‘ਚ ਗਣਨਾ ਕਰਨ ਤੋਂ ਬਾਅਦ ਨਿਊ ਜ਼ੀਲੈਂਡ ਤੋਂ ਅੱਗੇ ਹੈ। ਇੰਗਲੈਂਡ ਚੌਥੇ ਸਥਾਨ ‘ਤੇ ਹੈ। ਉਸ ਤੋਂ ਬਾਅਦ ਸ਼੍ਰੀ ਲੰਕਾ, ਦੱਖਣੀ ਅਫ਼ਰੀਕਾ, ਪਾਕਿਸਤਾਨ, ਵੈੱਸਟ ਇੰਡੀਜ਼, ਬੰਗਲਾਦੇਸ਼ ਅਤੇ ਜ਼ਿੰਬਾਬਵੇ ਦੇ ਨੰਬਰ ਆਉਂਦੇ ਹਨ। ਭਾਰਤ ਕੋਲ ਹਾਲਾਂਕਿ ਆਸਟਰੇਲੀਆ ਖ਼ਿਲਾਫ਼ ਐਡੀਲੇਡ ‘ਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਚਾਰ ਮੈਚਾਂ ਦੀ ਟੈੱਸਟ ਸੀਰੀਜ਼ ਜ਼ਰੀਏ ਅੱਗੇ ਵਧਣ ਦਾ ਮੌਕਾ ਰਹੇਗਾ।