ਬਿਨਾਂ ਚੁਣੌਤੀ ਦਿੱਤੇ ਗੋਢੇ ਟੇਕ ਦਿੰਦੇ ਹਨ ਅੱਜ-ਕੱਲ੍ਹ ਦੇ ਗੇਂਦਬਾਜ਼ – ਸ਼ੇਨ ਵਾਰਨ

ਮੈਲਬਰਨ – ਕ੍ਰਿਕਟ ‘ਚ ਬੱਲੇਬਾਜ਼ਾਂ ਦੇ ਵਧਦੇ ਦਬਾਅ ਦੇ ਤਰਕ ਨੂੰ ਖ਼ਾਰਿਜ ਕਰਦੇ ਹੋਏ ਮਹਾਨ ਸਪਿਨਰ ਸ਼ੇਨ ਵਾਰਨ ਨੇ ਮੌਜੂਦਾ ਗੇਂਦਬਾਜ਼ਾਂ ‘ਚ ਆਪਣੇ ਹੁਨਰ ਨੂੰ ਨਿਖਾਰਣ, ਨਵੀਂ ਪਹਿਲ ਕਰਣ ਅਤੇ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਣ ਦੀ ਇੱਛਾ ਸ਼ਕਤੀ ਦੀ ਘਾਟ ‘ਤੇ ਨਿਰਾਸ਼ਾ ਜਤਾਈ। ਮੌਜੂਦਾ ਦੌਰ ‘ਚ ਟੀਮਾਂ T-20 ਕ੍ਰਿਕਟ ‘ਚ ਵੀ 200 ਦੌੜਾਂ ਦਾ ਅੰਕੜਾ ਪਾਰ ਕਰ ਰਹੀਆਂ ਹਨ ਕਿਉਂਕਿ ਬਾਊਂਡਰੀਆਂ ਛੋਟੀਆਂ ਹੋ ਗਈਆਂ ਹਨ, ਅਤੇ ਪਹਿਲੇ ਛੇ ਓਵਰ ‘ਚ ਫ਼ੀਲਡਿੰਗ ਦੀਆਂ ਪਾਬੰਦੀਆਂ ਰਹਿੰਦੀਆਂ ਹਨ।
ਵਾਰਨ ਦਾ ਹਾਲਾਂਕਿ ਮੰਨਣਾ ਹੈ ਕਿ ਗੇਂਦਬਾਜ਼ ਅਜਿਹਾ ਕੁੱਝ ਨਹੀਂ ਕਰ ਰਹੇ ਹਨ ਜਿਸ ਨਾਲ ਬੱਲੇਬਾਜ਼ਾਂ ਨੂੰ ਚੁਣੌਤੀ ਦਿੱਤੀ ਜਾ ਸਕੇ। ਉਨ੍ਹਾਂ ਟਵੀਟ ਕੀਤਾ, ”T-20 ਕ੍ਰਿਕਟ ‘ਚ ਜ਼ਿਆਦਾਤਰ ਗੇਂਦਬਾਜ਼ ਆਸਾਨੀ ਨਾਲ ਗੋਢੇ ਟੇਕ ਰਹੇ ਹਨ। ਉਹ ਆਪਣੇ ਹੁਨਰ ਨੂੰ ਨਿਖਾਰਣ ਦੀ ਕੋਸ਼ਿਸ਼ ਓਹੋ ਜਿਹੀ ਨਹੀਂ ਕਰ ਰਹੇ ਜਿਹੋ ਜਿਹੀ ਬੱਲੇਬਾਜ਼ ਕਰਦੇ ਹਨ। ਹਰ ਕਿਸੇ ਦਾ ਇੱਕ ਖ਼ਰਾਬ ਦਿਨ ਹੁੰਦਾ ਹੈ ਪਰ ਗੇਂਦਬਾਜ਼ੀ ਦਾ ਪੱਧਰ ਚੰਗਾ ਨਹੀਂ।” ਉਨ੍ਹਾਂ ਸਵਾਲ ਕੀਤਾ, ”ਕੀ ਤੇਜ਼ ਗੇਂਦਬਾਜ਼ ਹਰ ਰੋਜ਼ 30-40 ਯੌਰਕਰ ਦਾ ਅਭਿਆਸ ਕਰ ਰਹੇ ਹਨ ਜਾਂ ਖੇਡ ਵਿਗਿਆਨ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ?”