G-20 ਮੀਟਿੰਗ ਤੋਂ ਪਹਿਲਾਂ ਹਰਿਆਣਾ ‘ਚ ਗੂੰਜਿਆ ਖਾਲਿਸਤਾਨ ਦਾ ਮੁੱਦਾ, ‘ਸਿੱਖਸ ਫਾਰ ਜਸਟਿਸ’ ਨੇ ਕੀਤਾ ਇਹ ਐਲਾਨ

ਗੁੜਗਾਓਂ – ਪੰਜਾਬ ਨੂੰ ਖਾਲਿਸਤਾਨ ਬਣਾਉਣ ਅਤੇ ਇਸ ਵਿਚ ਹਰਿਆਣਾ ਨੂੰ ਸ਼ਾਮਲ ਕਰਨ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿਚ 1 ਤੋਂ 4 ਮਾਰਚ ਤੱਕ ਹਰਿਆਣਾ ਦੇ ਗੁੜਗਾਓਂ ‘ਚ ਹੋਣ ਵਾਲੀ ਜੀ-20 ਦੇਸ਼ਾਂ ਦੀ ਮੀਟਿੰਗ ‘ਚ ਵਿਦੇਸ਼ੀ ਡੈਲੀਗੇਟਾਂ ਦੇ ਸਾਹਮਣੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਇਸ ਇਕ ਮਿੰਟ ਦੀ ਵਾਇਰਲ ਵੀਡੀਓ ‘ਚ ਡੈਲੀਗੇਟਾਂ ਨੂੰ ਹਰਿਆਣਾ ਨਾ ਆਉਣ ਲਈ ਵੀ ਕਿਹਾ ਗਿਆ ਹੈ। ਇਸ ਵਿਚ ਅਸਿੱਧੇ ਤੌਰ ’ਤੇ ਚੇਤਾਵਨੀ ਦਿੱਤੀ ਗਈ ਹੈ ਕਿ ਡੈਲੀਗੇਟਾਂ ਦੀ ਸੁਰੱਖਿਆ ਜ਼ਰੂਰੀ ਹੈ। ਅਜਿਹੀ ਹਾਲਤ ’ਚ ਉਹ ਹਰਿਆਣਾ ਨਾ ਆਉਣ ਤਾਂ ਬਿਹਤਰ ਹੋਵੇਗਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਪੁਲਸ ਦੇ ਬੁਲਾਰੇ ਸੁਭਾਸ਼ ਦਾ ਕਹਿਣਾ ਹੈ ਕਿ ਇਸ ਸਬੰਧੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੱਸਣ ਯੋਗ ਹੈ ਕਿ ਪੰਜਾਬ ਨੂੰ ਖਾਲਿਸਤਾਨ ਬਣਾਉਣ ਅਤੇ ਇਸ ਵਿਚ ਹਰਿਆਣਾ ਨੂੰ ਸ਼ਾਮਲ ਕਰਨ ਨੂੰ ਲੈ ਕੇ ਗੁਰਪਤਵੰਤ ਸਿੰਘ ਪੰਨੂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਮੌਕੇ ’ਤੇ ਵੀ ਅਜਿਹੀਆਂ ਵੀਡੀਓਜ਼ ਵਾਇਰਲ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਂਦਾ ਰਿਹਾ ਹੈ।