ਚੇਨਈ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਸ਼ੁੱਕਰਵਾਰ ਨੂੰ ਕਾਵੇਰੀ ਡੈਲਟਾ ਖੇਤਰ ਦੇ ਕਿਸਾਨਾਂ ਲਈ 134.83 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਤਾਂ ਜੋ ਉਹ ਘੱਟ ਸਮੇਂ ‘ਚ ਤਿਆਰ ਹੋਣ ਵਾਲੀ ‘ਕੁਰੂਵਾਈ’ ਝੋਨਾ ਅਤੇ ਹੋਰ ਫਸਲਾਂ ਦੀ ਖੇਤੀ ਕਰ ਸਕਣ। ਨਾਲ ਹੀ, ਸਰਕਾਰ ਨੇ ਸਿੰਚਾਈ ਲਈ ਰੋਜ਼ਾਨਾ 18 ਘੰਟੇ ਬਿਨਾਂ ਰੁਕਾਵਟ ਤਿੰਨ-ਫੇਜ਼ ਬਿਜਲੀ ਦੇਣ ਦਾ ਵੀ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਮੇਟੂਰ ਡੈਮ ‘ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ, ਇਸ ਸਾਲ 12 ਜੂਨ ਨੂੰ ਸਿੰਚਾਈ ਲਈ ਪਾਣੀ ਨਹੀਂ ਛੱਡਿਆ ਜਾ ਸਕਿਆ। ਕਰਨਾਟਕ ਵਾਧੂ ਪਾਣੀ ਤਾਂ ਛੱਡ ਰਿਹਾ ਹੈ, ਪਰ ਕਾਵੇਰੀ ਜਲ ਵਿਵਾਦ ਟ੍ਰਿਬਿਊਨਲ ਦੇ ਅੰਤਿਮ ਫੈਸਲੇ ਅਨੁਸਾਰ ਤਾਮਿਲਨਾਡੂ ਨੂੰ ਮਿਲਣ ਵਾਲਾ ਹਰ ਮਹੀਨੇ ਦਾ ਤੈਅ ਪਾਣੀ ਨਹੀਂ ਦਿੱਤਾ ਹੈ। ਇਸੇ ਕਾਰਨ ਸਟੈਨਲੀ ਰਿਜ਼ਰਵਾਇਰ (ਮੇਟੂਰ ਡੈਮ) ‘ਚ ਪਾਣੀ ਦਾ ਪੱਧਰ ਘੱਟ ਗਿਆ ਹੈ। ਇਸ ਬੰਨ੍ਹ ਦੀ ਕੁੱਲ ਸਮਰੱਥਾ 120 ਫੁੱਟ ਹੈ ਪਰ ਫਿਲਹਾਲ ਇਸ ‘ਚ ਸਿਰਫ਼ 80 ਫੁੱਟ ਦੇ ਨੇੜੇ-ਤੇੜੇ ਹੀ ਪਾਣੀ ਹੈ।
ਨਿਯਮਾਂ ਅਨੁਸਾਰ, ਖੇਤਾਂ ਦੇ ਆਖਰੀ ਛੋਰ ਤੱਕ ਪਾਣੀ ਪਹੁੰਚਾਉਣ ਲਈ ਬੰਨ੍ਹ ‘ਚ ਘੱਟੋ-ਘੱਟ 90 ਫੁੱਟ ਪਾਣੀ ਹੋਣਾ ਜ਼ਰੂਰੀ ਹੈ, ਉਦੋਂ ਸਿੰਚਾਈ ਲਈ ਪਾਣੀ ਛੱਡਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਇਕ ਬਿਆਨ ‘ਚ ਕਿਹਾ ਕਿ ਮੌਸਮ ਵਿਭਾਗ ਅਨੁਸਾਰ, ਅਲ ਨੀਨੋ ਦੇ ਅਸਰ ਕਾਰਨ ਇਸ ਵਾਰ ਦੱਖਣ-ਪੱਛਮੀ ਮਾਨਸੂਨ ‘ਚ ਆਮ ਤੋਂ ਘੱਟ ਬਾਰਿਸ਼ ਦਾ ਅਨੁਮਾਨ ਹੈ। ਇਸ ਕਾਰਨ ਮਾਨਸੂਨ ਵੀ ਤਿੰਨ ਦਿਨ ਦੇਰੀ ਨਾਲ ਆਇਆ ਹੈ। ਫਿਲਹਾਲ ਮੇਟੂਰ ਬੰਨ੍ਹ ‘ਚ ਪਾਣੀ ਦਾ ਪੱਧਰ 79.56 ਫੁੱਟ ਹੈ, ਜੋ ਕੁਰੂਵਈ ਦੀ ਖੇਤੀ ਲਈ ਪਾਣੀ ਛੱਡਣ ਦੇ ਤੈਅ ਪੈਮਾਨੇ ਤੋਂ ਘੱਟ ਹੈ। ਆਮ ਤੌਰ ‘ਤੇ ਡੈਲਟਾ ਜ਼ਿਲ੍ਹਿਆਂ ‘ਚ ਕਰੀਬ 5 ਲੱਖ ਏਕੜ ‘ਚ ਕੁਰੂਵਈ ਝੋਨੇ ਦੀ ਖੇਤੀ ਹੁੰਦੀ ਹੈ। ਪਿਛਲੇ ਸਾਲ ਤਾਂ ਇਹ 6 ਲੱਖ ਹੈਕਟੇਅਰ ਦੇ ਪਾਰ ਪਹੁੰਚ ਗਈ ਸੀ, ਜਿਸ ਨਾਲ ਰਿਕਾਰਡ ਪੈਦਾਵਾਰ ਹੋਈ ਸੀ ਪਰ ਇਸ ਸਾਲ ਪਾਣੀ ਦੀ ਕਿੱਲਤ ਕਾਰਨ ਖੇਤੀ ਸਿਰਫ਼ 3.55 ਲੱਖ ਏਕੜ ਤੱਕ ਸੀਮਿਤ ਰਹਿਣ ਦਾ ਖ਼ਦਸ਼ਾ ਹੈ।
ਸ਼੍ਰੀ ਵਿਜੇ ਨੇ ਦੱਸਿਆ ਕਿ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਸਰਕਾਰ ਨੇ ਮੁੱਖ ਝੋਨਾ ਉਤਪਾਦਕ ਡੈਲਟਾ ਜ਼ਿਲ੍ਹਿਆਂ ਨੂੰ ਕੁਰੂਵਈ ਪੈਕੇਜ ਦੇ ਅਧੀਨ 77.50 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ, ਗੈਰ-ਡੈਲਟਾ ਜ਼ਿਲ੍ਹਿਆਂ ਲਈ 57.33 ਕਰੋੜ ਰੁਪਏ ਤੈਅ ਕੀਤੇ ਗਏ ਹਨ, ਜਿੱਥੇ ਕਾਰ, ਕੁਰੂਵਈ ਅਤੇ ਸੋਰਨਾਵਰੀ ਫਸਲਾਂ ਉਗਾਈਆਂ ਜਾਂਦੀਆਂ ਹਨ। ਇਸ ਪੈਕੇਜ ਦੇ ਅਧੀਨ ਮੁੱਖ ਮੰਤਰੀ ਇਹ ਸਾਫ਼ ਕੀਤਾ ਕਿ ਖੇਤੀ-ਕਿਸਾਨੀ ਦੇ ਕੰਮ ‘ਚ ਕੋਈ ਰੁਕਾਵਟ ਨਾ ਆਏ, ਇਸ ਲਈ ਕਿਸਾਨਾਂ ਨੂੰ ਦਿਨ ‘ਚ 18 ਘੰਟੇ ਬਿਨਾਂ ਰੁਕਾਵਟ ਦੇ ਤਿੰਨ ਫੇਜ਼ ‘ਚ ਬਿਜਲੀ ਮਿਲੇਗੀ। ਇਸ ਫੈਸਲੇ ਨਾਲ ਖੇਤੀ ਦੇ ਸੀਜ਼ਨ ‘ਚ ਸਿੰਚਾਈ ਦੇ ਕੰਮ ਨੂੰ ਬਹੁਤ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਖੇਤੀ ਦੇ ਸੀਜਨ ਨੂੰ ਦੇਖਦੇ ਹੋਏ ਜ਼ਰੂਰੀ ਚੀਜ਼ਾਂ ਦਾ ਪੂਰਾ ਇੰਤਜ਼ਾਮ ਕਰ ਲਿਆ ਗਿਆ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਵਿਚਾਲੇ ਵੰਡਣ ਲਈ 10,714 ਟਨ ਝੋਨੇ ਦੇ ਬੀਜ ਅਤੇ 4.02 ਲੱਖ ਟਨ ਖਾਦ ਦਾ ਸਟਾਕ ਪਹਿਲਾਂ ਤੋਂ ਹੀ ਤਿਆਰ ਰੱਖਿਆ ਹੈ। ਮੇਟੂਰ ਬੰਨ੍ਹ ਤੋਂ ਪਾਣੀ ਛੱਡੇ ਜਾਣ ‘ਚ ਹੋਈ ਦੇਰੀ ਦੇ ਸੰਕਟ ਨੂੰ ਸੰਭਾਲਣ ਲਈ ਲਿਆਂਦਾ ਗਿਆ ਲਿਆਂਦਾ ਗਿਆ ਇਹ ਪੈਕੇਜ ਦਿਖਾਉਂਦਾ ਹੈ ਕਿ ਸੂਬਾ ਸਰਕਾਰ ਖੇਤੀ ਦੀ ਪੈਦਾਵਾਰ ਵਧਾਉਣ ਅਤੇ ਮੁਸ਼ਕਲ ਸਮੇਂ ‘ਚ ਕਿਸਾਨਾਂ ਨੂੰ ਸਮੇਂ ‘ਤੇ ਮਦਦ ਪਹੁੰਚਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ, ਖਾਸ ਕਰ ਕੇ ਕੁਰੂਵਈ ਦੇ ਇਸ ਜ਼ਰੂਰੀ ਸੀਜ਼ਨ ‘ਚ।















