ਚੇਨਈ- ਤਾਮਿਲਨਾਡੂ ਦੇ ਤਮਿਲਗਾ ਵੇਟ੍ਰੀ ਕੜਗਮ (TVK) ਦੇ ਮੁਖੀ ਚੰਦਰਸ਼ੇਖਰ ਜੋਸਫ਼ ਵਿਜੇ ਨੇ ਐਤਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਤਮਿਲ ‘ਚ ਸਹੁੰ ਚੁੱਕੀ। ਇਸ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹੇ। ਸਹੁੰ ਚੁੱਕਦੇ ਸਮੇਂ ਵਿਚੇ ਤੈਅ ਲਾਈਨਾਂ ਤੋਂ ਇਲਾਵਾ ਹੋਰ ਗੱਲਾਂ ਬੋਲਣ ਲੱਗੇ, ਇਸ ‘ਤੇ ਰਾਜਪਾਲ ਅਰਲੇਕਰ ਨੇ ਉਨ੍ਹਾਂ ਨੂੰ ਟੋਕ ਦਿੱਤਾ ਅਤੇ ਕਿਹਾ ਕਿ ਉਹੀ ਪੜ੍ਹਨ, ਜੋ ਲਿਖ ਕੇ ਦਿੱਤਾ ਹੈ। ਵਿਜੇ ਨੇ ਰਾਜ ਦੇ 9ਵੇਂ ਮੁੱਖ ਮੰਤਰੀ ਬਣ ਗਏ ਹੈ। ਉਨ੍ਹਾਂ ਦੇ ਨਾਲ 9 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਟੀਵੀਕੇ ਨੇ ਵਿਧਾਨ ਸਭਾ ਚੋਣਾਂ ‘ਚ 234 ਸੀਟਾਂ ‘ਚੋਂ 108 ਜਿੱਤੀਆਂ ਅਤੇ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਹੋਰਾਂ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸ਼੍ਰੀ ਵਿਜੇ ਨੂੰ ਇੱਥੇ ਨਹਿਰੂ ਸਟੇਡੀਅਮ ‘ਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਅਹੁਦੇ ਦੀ ਸਹੁੰ ਚੁਕਾਈ।
ਉਨ੍ਹਾਂ ਤੋਂ ਇਲਾਵਾ, ਸ਼੍ਰੀ ਐਨ. ਆਨੰਦ, ਸ਼੍ਰੀ ਆਧਵ ਅਰਜੁਨ, ਡਾ. ਕੇ.ਜੀ. ਅਰੁਣਰਾਜ, ਸ਼੍ਰੀ ਕੇ.ਏ. ਸੇਂਗੋਟਾਈਅਨ, ਸ਼੍ਰੀ ਪੀ. ਵੈਂਕਟਰਮਨਨ, ਸ਼੍ਰੀ ਆਰ. ਨਿਰਮਲਕੁਮਾਰ, ਸ਼੍ਰੀ ਰਾਜਮੋਹਨ, ਸ਼੍ਰੀ ਡਾ. ਟੀ.ਕੇ. ਪ੍ਰਭੂ, ਅਤੇ ਸ਼੍ਰੀਮਤੀ ਸੇਲਵੀ ਐਸ. ਕੀਰਥਨਾ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਆਗੂ ਵੀ ਮੌਜੂਦ ਸਨ। ਨਹਿਰੂ ਸਟੇਡੀਅਮ ‘ਚ ਹੋਏ ਸਹੁੰ ਚੁੱਕ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਵੀ ਮੌਜੂਦ ਸੀ।
ਚੋਣ ਨਤੀਜਿਆਂ ਤੋਂ ਬਾਅਦ ਬਣੇ ਸਸਪੈਂਸ ਨੂੰ ਖਤਮ ਕਰਦਿਆਂ ਵਿਜੇ ਦੀ ਪਾਰਟੀ ਟੀਵੀਕੇ (TVK) ਨੂੰ VCK ਅਤੇ IUML ਦਾ ਸਮਰਥਨ ਮਿਲਿਆ ਹੈ, ਜਿਸ ਤੋਂ ਬਾਅਦ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਵਿਜੇ ਨੇ 9 ਮਈ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਿਯੁਕਤ ਕਰਦਿਆਂ 13 ਮਈ 2026 ਤੱਕ ਵਿਧਾਨ ਸਭਾ ‘ਚ ਵਿਸ਼ਵਾਸ ਮਤ ਹਾਸਲ ਕਰਨ ਦਾ ਸਮਾਂ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਸਹੁੰ ਚੁੱਕ ਸਮਾਰੋਹ ਦੁਪਹਿਰ 3:45 ਵਜੇ ਹੋਣਾ ਸੀ, ਪਰ ਵਿਜੇ ਦੇ ਜੋਤਸ਼ੀ ਦੀ ਸਲਾਹ ‘ਤੇ ਇਸ ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਖਾਸ ਮੌਕੇ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਚੇਨਈ ਪਹੁੰਚੇ ਹੋਏ ਹਨ।















