ਵਾਰਾਣਸੀ: ਕਾਸ਼ੀ ਹਿੰਦੂ ਯੂਨੀਵਰਸਿਟੀ (BHU) ਦਾ ਕੈਂਪਸ ਇੱਕ ਵਾਰ ਫਿਰ ਜੰਗ ਦਾ ਮੈਦਾਨ ਬਣ ਗਿਆ। ਯੂਨੀਵਰਸਿਟੀ ਦੇ ਬਿਰਲਾ ਅਤੇ ਰੁਈਆ ਹੋਸਟਲ ਦੇ ਵਿਦਿਆਰਥੀਆਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਦੋਵਾਂ ਗੁੱਟਾਂ ਵੱਲੋਂ ਜੰਮ ਕੇ ਪੱਥਰਬਾਜ਼ੀ ਕੀਤੀ ਗਈ ਅਤੇ ਇਕ ਦੂਜੇ ਦੇ ਡੰਡੇ ਮਾਰ ਗਏ, ਜਿਸ ਕਾਰਨ ਪੂਰੇ ਕੈਂਪਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਨੂੰ ਦੇਖ ਕੇ ਹਿੰਸਾ ਕਰ ਰਹੇ ਵਿਦਿਆਰਥੀ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਫੋਰਸ, RAF (ਰੈਪਿਡ ਐਕਸ਼ਨ ਫੋਰਸ) ਅਤੇ PAC ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪ੍ਰੌਕਟੋਰੀਅਲ ਬੋਰਡ ਦੀ ਟੀਮ ਹੋਸਟਲ ਦੇ ਇੱਕ-ਇੱਕ ਕਮਰੇ ਦੀ ਤਲਾਸ਼ੀ ਲੈ ਰਹੀ ਹੈ। ਫਿਲਹਾਲ ਕੈਂਪਸ ਵਿੱਚ ਸਥਿਤੀ ਕਾਬੂ ਹੇਠ ਹੈ ਪਰ ਤਣਾਅ ਬਣਿਆ ਹੋਇਆ ਹੈ। ਬਿਰਲਾ ਹੋਸਟਲ ਦੇ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਹੈ ਅਤੇ ਟੀਮਾਂ ਲਗਾਤਾਰ ਗਸ਼ਤ ਕਰ ਰਹੀਆਂ ਹਨ। ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਉਨ੍ਹਾਂ ਬਾਹਰੀ ਵਿਅਕਤੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਬਾਹਰ ਕੱਢਣਾ ਹੈ ਜੋ ਨਾਜਾਇਜ਼ ਤੌਰ ‘ਤੇ ਹੋਸਟਲ ਵਿੱਚ ਰਹਿ ਕੇ ਮਾਹੌਲ ਖ਼ਰਾਬ ਕਰ ਰਹੇ ਹਨ।
ਝੜਪ ਦਾ ਕਾਰਨ
ਡੀਸੀਪੀ ਮੁਤਾਬਕ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੌਰਾਨ ਹੋਈ ਇੱਕ ਬਹਿਸ ਇਸ ਹਿੰਸਾ ਦੀ ਜੜ੍ਹ ਸੀ। ਉਹੀ ਮਾਮੂਲੀ ਤਕਰਾਰ ਹੁਣ ਇੱਕ ਵੱਡੇ ਖੂਨੀ ਸੰਘਰਸ਼ ਵਿੱਚ ਬਦਲ ਗਈ। ਇਸ ਝੜਪ ਦੌਰਾਨ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਵਿਦਿਆਰਥੀ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।















