BCCI ਦਾ ਐਲਾਨ, ਅੰਡਰ-19 ਵਿਸ਼ਵ ਕੱਪ ਦੇ ਜੇਤੂ ਖਿਡਾਰੀਆਂ ਨੂੰ ਦੇਵੇਗਾ 40-40 ਲੱਖ ਰੁਪਏ

ਨਵੀਂ ਦਿੱਲੀ – ਵੈੱਸਟ ਇੰਡੀਜ਼ ‘ਚ ਇੰਗਲੈਂਡ ਨੂੰ ਹਰਾ ਕੇ ਰਿਕਾਰਡ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਹਰੇਕ ਮੈਂਬਰ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 40 ਲੱਖ ਰੁਪਏ ਅਤੇ ਸਹਿਯੋਗੀ ਸਟਾਫ਼ ਲਈ 25 ਲੱਖ ਰੁਪਏ ਪੁਰਸਕਾਰ ਦਾ ਐਲਾਨ ਕੀਤਾ ਹੈ। ਭਾਰਤ ਨੇ ਟੂਰਨਾਮੈਂਟ ‘ਚ ਦਬਦਬਾ ਬਣਾਉਾਂਦੇ ਹੋਏ ਸ਼ਨੀਵਾਰ ਨੂੰ ਐਂਟੀਗੁਆ ਦੇ ਨੌਰਥ ਸਾਊਂਡ ‘ਚ ਫ਼ਾਈਨਲ ‘ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ। ਭਾਰਤ ਦੀ ਇਹ ਜਿੱਤ ਇਸ ਲਈ ਵੀ ਸ਼ਲਾਘਾਯੋਗ ਹੈ ਕਿਉਂਕਿ ਇੱਕ ਸਮੇਂ ‘ਤੇ ਟੀਮ ‘ਚ ਕੋਵਿਡ-19 ਦੇ ਮਾਮਲਿਆਂਂ ਕਾਰਨ ਇਸ ਦੀ ਮੁਹਿੰਮ ਲਗਭਗ ਪਟੜੀ ਤੋਂ ਉਤਰ ਹੀ ਗਈ ਸੀ।
BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇੱਥੇ ਜਾਰੀ ਬਿਆਨ ‘ਚ ਕਿਹਾ, ”ਭਾਰਤੀ ਖਿਡਾਰੀ ਹਰ ਵਿਭਾਗ ‘ਚ ਪ੍ਰਭਾਵਸ਼ਾਲੀ ਸਨ, ਅਤੇ ਉਨ੍ਹਾਂ ਨੇ ਪੰਜਵੀਂ ਵਾਰ ਵਿਸ਼ਵ ਕੱਪ ਜਿੱਤਿਆ। ਮੈਦਾਨ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਟੀਮ ਨੇ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੇ ਬਾਵਜੂਦ ਮਜ਼ਬੂਤੀ ਨਾਲ ਵਾਪਸੀ ਕਰਨ ਲਈ ਸਬਰ, ਦ੍ਰਿੜਤਾ ਅਤੇ ਹਿੰਮਤ ਦਿਖਾਈ।”ਉਨ੍ਹਾਂ ਕਿਹਾ, ”ਮੈਨੂੰ ਮੁੱਖ ਕੋਚ ਰਿਸ਼ੀਕੇਸ਼ ਕਾਨਿਟਕਰ ਦੇ ਨਾਲ ਉਨ੍ਹਾਂ ਦੇ ਕੋਚਿੰਗ ਸਮੂਹ ਦੇ ਮੈਂਬਰਾਂ, ਸਹਿਯੋਗੀ ਸਟਾਫ਼ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਵੀ.ਵੀ.ਐੱਸ.ਲਕਸ਼ਮਣ ਦੇ ਯਤਨਾਂ ਦੀ ਵੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਟੀਮ ‘ਚ ਸਕਾਰਾਤਮਕਤਾ ਬਣਾਈ ਰੱਖੀ ਅਤੇ ਉਨ੍ਹਾਂ ਦਾ ਸਹੀ ਮਾਰਗਦਰਸ਼ਨ ਕੀਤਾ।”
ਬੋਰਡ ਦੇ ਸਕੱਤਰ ਜੈ ਸ਼ਾਹ ਨੇ ਫ਼ਾਈਨਲ ‘ਚ ਭਾਰਤ ਦੀ ਚਾਰ ਵਿਕਟਾਂ ਦੀ ਜਿੱਤ ਤੋਂ ਬਾਅਦ ਟਵੀਟ ਕੀਤਾ, ”BCCI ਅੰਡਰ-19 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਖ਼ਿਤਾਬ ਜਿੱਤਣ ਵਾਲੀ ਅੰਡਰ-19 ਟੀਮ ਦੇ ਮੈਂਬਰਾਂ ਨੂੰ 40-40 ਲੱਖ ਰੁਪਏ ਦਾ ਨਕਦ ਇਨਾਮ ਅਤੇ ਸਹਿਯੋਗੀ ਸਟਾਫ਼ ਨੂੰ 25-25 ਲੱਖ ਰੁਪਏ ਦੇਵੇਗਾ। ਤੁਸੀਂ ਸਾਨੂੰ ਮਾਣ ਮਹਿਸੂਸ ਕਰਾਇਆ।”