ਮੈਲਬਰਨ – ਜਸਟਿਨ ਲੈਂਗਰ ਨੇ ਆਸਟ੍ਰੇਲੀਆ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ (CA) ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੈਂਗਰ ਦੀ ਜਗ੍ਹਾ ਐਂਡਰਿਊ ਮੈਕਡੌਨਲਡ ਨੂੰ ਅੰਤਰਿਮ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਸ਼੍ਰੀ ਲੰਕਾ ਖਿਲਾਫ਼ ਹੋਣ ਵਾਲੀ T-20 ਸੀਰੀਜ਼ ਤੋਂ ਅਹੁਦਾ ਸੰਭਾਲਣਗੇ।
ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ‘ਚ ਕਿਹਾ, ”ਅਸੀਂ ਪੁਰਸ਼ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਅੱਜ ਆਪਣਾ ਅਸਤੀਫ਼ਾ ਸਾਨੂੰ ਸੌਂਪ ਦਿੱਤਾ ਹੈ। ਲੈਂਗਰ ਨੂੰ ਉਨ੍ਹਾਂ ਦੇ ਮੌਜੂਦਾ ਇਕਰਾਰਨਾਮੇ ‘ਚ ਕੁੱਝ ਸਮਾਂ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੂੰ ਭਵਿੱਖ ਦੀਆਂ ਲੋੜਾਂ ਅਤੇ ਆਗਾਮੀ ਸਮਾਂ-ਸਾਰਣੀ ਸਮੇਤ ਕਈ ਕਾਰਕਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਉਨ੍ਹਾਂ ਦੇ ਇਕਰਾਰਨਾਮੇ ਨੂੰ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ।”
ਇਸ ਐਕਸਟੈਂਸ਼ਨ ਨੂੰ ਕ੍ਰਿਕਟ ਆਸਟ੍ਰੇਲੀਆ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਸੀ ਅਤੇ ਬੀਤੀ ਰਾਤ ਇਸ ਨੂੰ ਲੈਂਗਰ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਸ ‘ਚ ਇਸ ਸਾਲ ਦੇ ਅੰਤ ‘ਚ ਆਸਟ੍ਰੇਲੀਆ ‘ਚ ਹੋਣ ਵਾਲੇ T-20 ਵਿਸ਼ਵ ਕੱਪ ਖ਼ਿਤਾਬ ਦਾ ਬਚਾਅ ਕਰਨ ਦਾ ਮੌਕਾ ਵੀ ਸ਼ਾਮਲ ਸੀ, ਪਰ ਲੈਂਗਰ ਨੇ ਅੱਜ ਸਵੇਰੇ ਸਾਨੂੰ ਦੱਸਿਆ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਰਹੇ ਹਨ ਅਤੇ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਲੈਂਗਰ ਨੂੰ 2018 ‘ਚ ਦੱਖਣੀ ਅਫ਼ਰੀਕਾ ‘ਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਦੇ ਮੱਦੇਨਜ਼ਰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ।












