ਜਲੰਧਰ: ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਗਰਟਨੋਸ਼ੀ (ਸਮੋਕਿੰਗ) ਕਰਨ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਿਕ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਨੌਂਨ ਸਮੋਕਰਜ਼ ਦੀ ਤੁਲਨਾ ‘ਚ 5.5 ਸਾਲ ਪਹਿਲਾਂ ਅੱਖਾਂ ਦੀ ਰੌਸ਼ਨੀ ਘਟਣ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਅੰਦਾਜ਼ਾ ਹੈ ਕਿ ਭਾਰਤ ‘ਚ 34.6 ਫ਼ੀਸਦੀ ਬਾਲਗ ਸਿਗਰਟਨੋਸ਼ੀ ਕਰਦੇ ਹਨ ਅਤੇ ਸਿਗਰਟਨੋਸ਼ੀ ਨਾਲ ਦੇਸ਼ ‘ਚ ਸਾਲਾਨਾ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਗਰਟਨੋਸ਼ੀ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਵਰਗੀਆਂ ਨਾਨ-ਕਮਿਊਨਿਕੇਬਲ ਬੀਮਾਰੀਆਂ ਦਾ ਚੌਥਾ ਪ੍ਰਮੁੱਖ ਕਾਰਨ ਹੈ।
ਅੱਖਾਂ ‘ਤੇ ਸਿਗਰਟਨੋਸ਼ੀ ਦਾ ਅਸਰ
ਸਿਗਰਟ ਦੇ ਧੂੰਏਂ ‘ਚ ਮੌਜੂਦ ਜ਼ਹਿਰੀਲੇ ਤੱਤ ਅੰਤ ‘ਚ ਖ਼ੂਨ ਦੇ ਪ੍ਰਵਾਹ ‘ਚ ਮਿਲ ਜਾਂਦੇ ਹਨ ਜੋ ਅੱਖਾਂ ਸਮੇਤ ਪੂਰੇ ਸ਼ਰੀਰ ‘ਚ ਚੱਲੇ ਜਾਂਦੇ ਹਨ। ਇਸ ਨਾਲ ਅੱਖਾਂ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ‘ਚ ਅੱਖਾਂ ਦਾ ਸੁੱਕਣਾ, ਮੋਤੀਆਬਿੰਦ, ਡਾਇਬੈਟਿਕ ਰੈਟੀਨੋਪੈਥੀ, ਮੈਕੁਲਰ ਡੀਜੈਨਰੇਸ਼ਨ ਅਤੇ ਔਪਟਿਕ ਨਰਵ ਦੀਆਂ ਸਮੱਸਿਆਵਾਂ ਸ਼ਾਮਿਲ ਹਨ। ਜੇਕਰ ਸਮੇਂ ਸਿਰ ਢੁਕਵੇਂ ਉਪਾਅ ਨਹੀਂ ਕੀਤੇ ਜਾਂਦੇ ਹਨ ਤਾਂ ਅਜਿਹੇ ਜ਼ਿਆਦਾਤਰ ਮਾਮਲਿਆਂ ‘ਚ ਸਥਾਈ ਅੰਨ੍ਹੇਪਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਤੰਬਾਕੂ ਦਾ ਧੂੰਆਂ ਅੱਖਾਂ ਦੇ ਆਲੇ-ਦੁਆਲੇ ਦੇ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨਾਲ ਪਲਕਾਂ ‘ਚ ਗੜਬੜੀ ਅਤੇ ਅੱਖਾਂ ਦੇ ਹੇਠਾਂ ਸੋਜ ਹੋ ਸਕਦੀ ਹੈ। ਤੰਬਾਕੂ ਦੇ ਧੂੰਏਂ ‘ਚ ਸੱਤ ਹਜ਼ਾਰ ਤੋਂ ਵੱਧ ਖ਼ਤਰਨਾਕ ਰਸਾਇਣ ਹੁੰਦੇ ਹਨ ਜਿਨ੍ਹਾਂ ‘ਚੋਂ ਕੁੱਝ ਅੱਖਾਂ ਲਈ ਬਹੁਤ ਖ਼ਤਰਨਾਕ ਹਨ।
ਸਿਗਰਟਨੋਸ਼ੀ ਛੱਡਣਾ ਬਿਹਤਰ
ਜੇਕਰ ਤੁਸੀਂ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਿਗਰਟਨੋਸ਼ੀ ਛੱਡਣਾ ਜਾਂ ਘੱਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਹ ਨਾ ਸਿਰਫ਼ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਸਗੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਆਪਣੀਆਂ ਅੱਖਾਂ ਨੂੰ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਅੱਖਾਂ ਦੀ ਸਮੁੱਚੀ ਸਿਹਤ ‘ਚ ਖੁਰਾਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਵਾਇਟਾਮਿਨ C, E, ਜ਼ਿੰਕ, ਓਮੈੱਗਾ-3 ਫ਼ੈਟੀ ਐਸਿਡ ਆਦਿ ਨਾਲ ਭਰਪੂਰ ਖੁਰਾਕ ਅੱਖਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਅੱਖਾਂ ਦੀ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ। ਅੱਖਾਂ ਦੇ ਲੈਂਜ਼ ‘ਤੇ ਜ਼ਹਿਰੀਲੇ ਤੱਤ ਇਕੱਠੇ ਹੋ ਸਕਦੇ ਹਨ ਅਤੇ ਨਿਯਮਤ ਜਾਂਚ ਨਾਲ ਹੀ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।










