ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ‘ਚ ਪੰਜਾਬੀ ਸੰਗੀਤ ਦੇ ਝੰਡੇ ਗੱਡ ਦਿੱਤੇ ਹਨ। ਉਹ ਕੋਚੈਲਾ ਸੰਗੀਤ ਸਮਾਗਮ ‘ਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਦਿਲਜੀਤ ਦੇ ਜਿਵੇਂ ਹੀ ਅਮਰੀਕਾ ਦੇ ਕੋਚੈਲਾ ਸੰਗੀਤ ਸਗਾਗਮ ‘ਚ ਪੇਸ਼ਕਾਰੀ ਦੇਣ ਦੀਆਂ ਖ਼ਬਰਾਂ ਆਈਆਂ ਤਾਂ ਸੋਸ਼ਲ ਮੀਡੀਆ ‘ਤੇ ਬੌਲੀਵੁਡ ਅਦਾਕਾਰਾਂ ਤੋਂ ਇਲਾਵਾ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਸ ਦੀ ਤੁਲਨਾ ਮਹਾਨ ਕਲਾਕਾਰ ਵਜੋਂ ਕੀਤੀ ਹੈ।
ਇਹ ਸਮਾਗਮ ਕੈਲੀਫ਼ੋਰਨੀਆ ਦੇ ਇੰਡੀਓ ਦੀ ਕੋਚੈਲਾ ਵੈਲੀ ‘ਚ ਹੋ ਰਿਹਾ ਹੈ। ਇਸ ‘ਚ ਬਲੈਕਪਿੰਕ, ਚਾਰਲੀ, ਲੈਬ੍ਰਿੰਥ ਅਤੇ ਕਿਡ ਲੈਰੋਈ ਵਰਗੇ ਗਲੋਬਲ ਸੰਗੀਤ ਸਿਤਾਰਿਆਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਪੰਜਾਬੀ ਗਾਇਕ ਦਿਲਜੀਤ ਨੇ ਕਾਲੇ ਕੱਪੜਿਆਂ ਨਾਲ ਕਾਲੇ ਦਸਤਾਨੇ ਅਤੇ ਕਾਲੀਆਂ ਐਨਕਾਂ ਪਹਿਨ ਕੇ ਆਪਣੇ ਸੁਪਰ ਹਿੱਟ ਗੀਤ ਗਾਏ। ਉਸ ਨੇ ਜਦੋਂ ਪਟਿਆਲਾ ਪੈੱਗ ਗੀਤ ਸੁਣਾਇਆ ਤਾਂ ਅਮਰੀਕੀ ਸੰਗੀਤ ਨਿਰਮਾਤਾ ਡੀਜੇ ਡਿਪਲੋ ਵੀ ਨੱਚਣੋਂ ਨਾ ਰੁਕ ਸਕਿਆ। ਇਸ ਦੀ ਵੀਡੀਓ ਵੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਦੋਸਾਂਝ ਨੇ ਪੰਜਾਬੀ ‘ਚ ਸਟੇਜ ‘ਤੇ ਕਿਹਾ, ”ਹੁਣ ਇਹ ਇਤਿਹਾਸ ‘ਚ ਲਿਖਿਆ ਗਿਆ ਹੈ। ਪੰਜਾਬੀ ਆ ਗਏ ਇਨ ਕੋਚੈਲਾ (ਪੰਜਾਬੀ ਕੋਚੈਲਾ ਪਹੁੰਚ ਗਏ ਹਨ)। ਜੋ ਮੇਰੇ ਗੀਤਾਂ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਵੀ ਮਿਊਜ਼ਿਕ ਅਤੇ ਗੀਤ ਵਧੀਆ ਲੱਗਣਗੇ।” ਉਸ ਤੋਂ ਬਾਅਦ ਦਿਲਜੀਤ ਨੇ ਜੱਟ ਦਾ ਪਿਆਰ, ਪਟਿਆਲਾ ਪੈੱਗ, ਪ੍ਰੌਪਰ ਪਟੋਲਾ, ਰਾਤ ਦੀ ਗੇੜੀ, ਆਦਿ ਗੀਤਾਂ ਨਾਲ ਸਰੋਤਿਆਂ ਨੂੰ ਖ਼ੂਬ ਨਚਾਇਆ। ਦਿਲਜੀਤ ਨੇ ਇੱਥੇ ਕਰੀਬ 45 ਮਿੰਟ ਆਪਣੇ ਲਾਈਵ ਬੈਂਡ ਅਤੇ ਭੰਗੜੇ ਨਾਲ ਅਮਰੀਕਾ ਵਾਸੀਆਂ ਦਾ ਮਨੋਰੰਜਨ ਕੀਤਾ। ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੋਸਾਂਝ ਨੂੰ ਅਮਰੀਕੀ ਸੰਗੀਤ ਸਮਾਰੋਹ ‘ਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨ ਲਈ ਵਧਾਈ ਦਿੱਤੀ। ਰੈਪਰ ਬਾਦਸ਼ਾਹ ਅਤੇ ਦੋਸਾਂਝ ਦੀ ਉੜਤਾ ਪੰਜਾਬ ਦੀ ਸਹਿ-ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਵੀ ਉਸ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਅਰਜੁਨ ਰਾਮਪਾਲ ਨੇ ਵੀ ਦਿਲਜੀਤ ਨੂੰ ਇੱਕ ਮਹਾਨ ਕਲਾਕਾਰ ਅਤੇ ਸੱਚਾ ਰੌਕ ਸਟਾਰ ਆਖਿਆ।











