ਰੇਡੀਓ ਦੀਆਂ ਯਾਦਾਂ – 48

ਡਾ. ਦੇਵਿੰਦਰ ਮਹਿੰਦਰੂ
ਮਨਾਂ ‘ਚ ਬੈਠੇ ਪਾਤਰਾਂ ਵਰਗੇ ਲੋਕ
ਨਾ ਗਰਮੀ ਹੈ, ਨਾ ਸਰਦੀ, ਮਿੱਠਾ ਮਿੱਠਾ ਜਿਹਾ ਮੌਸਮ ਹੈ। ਪੱਖੇ ਚੱਲਣੇ ਸ਼ੁਰੂ ਹੋਏ ਸਨ, ਪਰ ਹੁਣ ਬੰਦ ਹੋ ਗਏ ਨੇ। ਸਗੋਂ ਪੰਜ ਦਸ ਮਿੰਟ ਧੁੱਪ ‘ਚ ਵੀ ਖੜ੍ਹੇ ਹੋਇਆ ਜਾ ਸਕਦਾ ਹੈ ਅੱਜਕਲ੍ਹ ਤਾਂ। ਸੋ ਨਿੱਤ ਦਿਹਾੜੇ ਹੀ ਕਿਸੇ ਪ੍ਰੋਗਰਾਮ ਵਾਲੇ ਦੀ ਰਿਟਾਇਰਮੈਂਟ ਦੀ ਖ਼ਬਰ ਮਿਲ ਜਾਂਦੀ ਹੈ। ਪ੍ਰੋਗਰਾਮ ਸਟਾਫ਼ ਦਿਨ ਪ੍ਰਤੀਦਿਨ ਘਟ ਰਿਹਾ ਹੈ। ਕਮਰੇ ਨਹੀਂ ਸਨ ਲੱਭਦੇ ਬੈਠਣ ਨੂੰ ਕੁੱਝ ਸਾਲ ਪਹਿਲਾਂ, ਹੁਣ ਖ਼ਾਲੀ ਦੇ ਖ਼ਾਲੀ ਪਏ ਨੇ, ਪ੍ਰੋਗਰਾਮ ਸਟਾਫ਼ ਦੇ ਕਮਰੇ ਰੇਡੀਓ ਅਤੇ TV ਸਟੇਸ਼ਨਾਂ ‘ਚ। ਸਾਡੀ ਛੋਟੀ ਭੈਣ ਸੰਤੋਸ਼ ਰਿਸ਼ੀ ਕੱਲ੍ਹ ਨੂੰ ਰਿਟਾਇਰ ਹੋ ਰਹੀ ਏ। ਨਵੀਂ ਭਰਤੀ ਦੀ ਕੋਈ ਗੱਲ ਨਹੀਂ ਹੋ ਰਹੀ ਕਿੱਧਰੇ ਵੀ, ਅਤੇ ਕੇਂਦਰ ਸਰਕਾਰ ਸੁੱਤੀ ਪਈ ਹੈ। ਅਸੀਂ ਦੋ ਦੋ ਜਾਣੇ ਬੈਠਦੇ ਸਾਂ ਇੱਕ ਇੱਕ ਕਮਰੇ ‘ਚ, ਐਨਾ ਰੱਸ਼ ਹੁੰਦਾ ਸੀ ਅਫ਼ਸਰਾਂ ਦਾ। ਹੁਣ ਕਿੰਨੇ ਕਿੰਨੇ ਕਮਰੇ ਹਨ ਨੇ ਇੱਕ ਇੱਕ ਅਫ਼ਸਰ ਕੋਲ। ਕੰਮ ਕਰਨ ਦੇ ਤਰੀਕੇ ਅਤੇ ਰੰਗ-ਢੰਗ ਵੀ ਬਦਲ ਗਏ ਹਨ। ਸਾਰਾ ਕੰਮ ਕੰਪਿਊਟਰਾਂ ‘ਤੇ ਹੋਣ ਲੱਗ ਪਿਆ ਹੈ। ਇੱਕ ਕਲਿੱਕ ਕਰਨ ‘ਤੇ ਸਾਰਾ ਰਿਕਾਰਡ ਸਾਹਮਣੇ ਆ ਜਾਂਦਾ ਹੈ। ਕੋਈ ਕੌਨਟਰੈਕਟ ਨਹੀਂ ਬਣਾਉਣਾ ਪੈਂਦਾ, ਕੋਈ ਕਿਸੇ ਕਟ ਕਲਾਕਾਰ ਜਾਂ ਰੇਡੀਓ ‘ਤੇ ਬੋਲਣ ਆਏ ਬੁਲਾਰੇ ਦਾ ਚੈੱਕ ਨਹੀਂ ਕੱਟਣਾ ਹੁੰਦਾ। ਤੁਸੀਂ ਰੇਡੀਓ ਜਾਂ TV ਸਟੇਸ਼ਨ ਤੋਂ ਫ਼ੋਨ ਆਉਣ ਕਰਨ ‘ਤੇ ਜਾ ਕੇ ਹੀ ਆਪਣੀ ਰਿਕਾਰਡਿੰਗ ਕਰਵਾ ਆਏ ਹੋ ਤਾ ਪੈਸੇ ਤੁਹਾਡੇ ਖਾਤੇ ‘ਚ ਆ ਜਾਣਗੇ।
****
ਜਦੋਂ ਮੈਂ ਸ਼ਿਮਲਾ ਗਈ ਸਾਂ ਤਾਂ ਕੋਈ ਸੀਟ ਖ਼ਾਲੀ ਨਹੀਂ ਸੀ ਮੇਰੇ ਲਈ। ਆਪਣੀ ਮਰਜ਼ੀ ਨਾਲ ਗਈ ਸਾਂ, ਅਤੇ ਕੋਈ ਅਫ਼ਸੋਸ ਵੀ ਨਹੀਂ ਸੀ ਇਸ ਗੱਲ ਦਾ ਮੈਨੂੰ। ਕੋਈ ਕੰਮ ਵੀ ਨਹੀਂ ਸੀ ਖ਼ਾਸ, ਪਰ ਹੌਲੀ ਹੌਲੀ ਕੰਮ ਵੀ ਸਾਰਾ ਮੇਰੇ ਗਲ ਹੀ ਪੈ ਗਿਆ ਅਤੇ ਕਮਰੇ ਵੀ ਸਹਾਇਕ ਕੇਂਦਰ ਨਿਰਦੇਸ਼ਕ, ਕੇਂਦਰ ਨਿਰਦੇਸ਼ਕ ਵਗੈਰਾ ਦੇ ਰਾਖਵੇਂ ਹੋ ਗਏ ਮੇਰੇ ਲਈ। ਪਰ ਜਿੰਨਾ ਸਵਾਦ ਪੌੜੀਆਂ ‘ਚ ਬੈਠ ਕੇ ਆਉਂਦਾ ਸੀ, ਓਨਾ ਹੋਰ ਕਿਤੇ ਬੈਠ ਕੇ ਨਹੀਂ ਸੀ ਆਉਂਦਾ। ਜਾਂ ਫ਼ੇਰ ਕੈਨਟੀਨ ‘ਚ ਬੈਠ ਕੇ ਚਾਹ ਪੀਣ ਅਤੇ ਖੱਪ ਪਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਸੀ। ਸ਼ਿਮਲਾ ਰਹਿ ਕੇ ਮੈਂ ਬਹੁਤ ਸਾਰੇ ਪੈਨਲ ਬਣਾਏ ਕਲਾਕਾਰਾਂ ਦੇ। ਵਾਣੀ ਕੋਰਸ ਕਰਵਾਇਆ ਬਹੁਤ ਸਾਰੇ ਬੱਚਿਆਂ ਨੂੰ। ਉਸ ਤੋਂ ਬਾਅਦ ਵੀ ਪਰੈਕਟਿਸ ਕਰਨ ਤਾਂ ਆਉਣਾ ਹੀ ਪੈਂਦਾ ਹੈ ਤਾਂ ਹੀ ਫ਼ੇਰ, ਮਾਈਕ, CD ਪਲੇਅਰ ਦੀ ਜਾਣਕਾਰੀ ਮਿਲੇਗੀ। ਇੱਕ ਲੜਕੀ ਪਰੈਕਟਿਸ ਕਰਨ ਨਹੀਂ ਸੀ ਆ ਰਹੀ। ਇੱਕ ਦਿਨ ਮੈਂ ਲੰਚ ਟਾਈਮ ‘ਚ ਕੈਨਟੀਨ ‘ਚ ਬੈਠੀ ਸੀ। ਉਹ ਆ ਗਈ ਮੇਰੇ ਕੋਲ। ਔਖੀ ਜਿਹੀ ਹੋ ਕੇ ਕਹਿੰਦੀ, ”ਤੁਸੀਂ ਮੇਰੀ ਡਿਊਟੀ ਨਹੀਂ ਲਗਾਈ ਕੋਈ ਵੀ।”
ਮੈਨੂੰ ਇੱਕ ਸ਼ਰਾਰਤ ਸੁੱਝੀ, ਮੈਂ ਕਿਹਾ ਕਿ ਹੁਣੇ ਲਾ ਦਿੰਦੀ ਹਾਂ, ਡਿਊਟੀ ਦਾ ਕੀ ਹੈ? ਕਹਿੰਦੀ ਕਿ ਸਟੂਡੀਓ ਕਿੱਥੇ ਹੈ? ਮੈਂ ਕਿਹਾ ਕਿ ਛੱਡ ਤੂੰ ਸਟੂਡੀਓ ਤੋਂ ਕੀ ਲੈਣੈ? ਇੱਥੇ ਬੈਠੀ-ਬੈਠੀ ਕਰਦੇ ਐਨਾਊਂਸਮੈਂਟ। ਸੋ ਉਹ ਦੂਸਰੇ ਦਿਨ ਤੋਂ ਹੀ ਪਰੈਕਟਿਸ ਕਰਨ ਆਉਣ ਲੱਗ ਪਈ। ਹਾਸੇ ਮਜ਼ਾਕ ਚੱਲਦੇ ਰਹਿੰਦੇ ਸਨ। ਕਮਰੇ ‘ਚ ਬੈਠੀ ਕੰਮ ਕਰ ਰਹੀ ਸਾਂ। ਇੱਕ ਕਲਾਕਾਰ ਆ ਕੇ ਮੇਰੇ ਇੱਕ ਕੁਲੀਗ ਬਾਰੇ ਪੁੱਛਣ ਲੱਗੇ, ਅਤੇ ਮੈਂ ਕਿਹਾ ਕਿ ਉਹ ਸਟੂਡੀਓ ‘ਚ ਹਨ। ਜਾਂਦੇ ਜਾਂਦੇ ਰੁਕ ਗਿਆ ਅਤੇ ਪੁਛਦੈ, ”ਮੈਡਮ, ਕਿਹੜੇ ਸਟੂਡੀਓ ਵਿੱਚ? ”
ਮੈਂ ਕੁਰਸੀ ਤੋਂ ਉੱਠੀ ਤੇ ਆਖਿਆ ਕਿ ਤੁਸੀਂ ਇੱਥੇ ਬੈਠੋ, ਅਤੇ ਮੈਂ ਦੇਖ ਕੇ ਆਉਂਦੀ ਹਾਂ ਕਿਹੜੇ ਸਟੂਡੀਓ ‘ਚ ਹਨ। ਉਹ ਕਲਾਕਾਰ ਫ਼ੇਰ ਕਦੇ ਮੈਨੂੰ ਨਜ਼ਰ ਨਹੀਂ ਆਇਆ। ਇਸ ਤਰ੍ਹਾਂ ਦੀਆਂ ਯਾਦਾਂ ਦੇ ਕਾਫ਼ਿਲੇ ਹਨ। ਜਦੋਂ ਸਟੇਸ਼ਨ ਅੱਗੋਂ ਦੀ ਲੰਘਦੇ ਹਾਂ, ਬੱਸ ਬੈਠੀ ਦੇਖਦੀ ਰਹਿੰਦੀ ਹਾਂ। ਸ਼ਿਮਲੇ ਸ਼ੁਰੂ ‘ਚ ਸੀਟ ਨਹੀਂ ਸੀ ਬੈਠਣ ਲਈ। ਬਾਅਦ ‘ਚ ਪੂਰਾ ਦਫ਼ਤਰ ਮੇਰਾ ਸੀ, ਪਰ ਸ਼ੁਰੂਆਤ ‘ਚ ਹੋਈ ਇੱਕ ਘਟਨਾ ਸੁਣਾ ਕੇ ਅੱਜ ਦਾ ਕਾਲਮ ਸਮਾਪਤ ਕਰਾਂਗੀ। ਖੇਤੀ ਬਾੜੀ ਪ੍ਰੋਗਰਾਮ ਵਾਲਿਆਂ ਕੋਲ ਇੱਕ ਵੱਡਾ ਕਮਰਾ ਸੀ ਉੱਥੇ। ਉਹਦੇ ਅੰਦਰ ਨੂੰ ਜਾ ਕੇ ਇੱਕ ਛੋਟਾ ਜਿਹਾ ਸਟੋਰ ਸੀ। ਉੱਥੇ ਬਿਠਾ ਦਿੱਤਾ ਗਿਆ ਮੈਨੂੰ। ਕਟਾਰਾ ਸਾਹਿਬ ਸਨ ਰੇਡੀਓ ਸਟੇਸ਼ਨ ਦੇ ਡਾਇਰੈਕਟਰ। ਇੱਕ ਦਿਨ ਰਾਊਂਡ ‘ਤੇ ਆਏ। ਉਨ੍ਹਾਂ ਨੂੰ ਅੱਛਾ ਨਹੀਂ ਲੱਗਿਆ ਮੇਰਾ ਉੱਥੇ ਬੈਠਣਾ। ਪ੍ਰਸ਼ਾਸਨਿਕ ਅਧਿਕਾਰੀ ਨੂੰ ਬੁਲਾ ਕੇ ਕਹਿੰਦੇ ਕਿ ਕੋਈ ਅੱਛੀ ਸੀਟ ਦੇਖੋ ਇਹਦੇ ਲਈ, ਓਦੋਂ ਤਕ ਘੱਟੋ ਘੱਟ ਫ਼ੋਨ ਤਾਂ ਦੇ ਹੀ ਸਕਦੇ ਹੋ ਸੀਟ ‘ਤੇ ਇਹਨੂੰ। ਖੇਤੀ ਬਾੜੀ ਵਾਲਿਆਂ ਦਾ ਫ਼ੋਨ ਮੇਰੀ ਸੀਟ ‘ਤੇ ਰੱਖ ਦਿੱਤਾ ਗਿਆ। ਉਹਦੀ ਐਕਸਟੈਨਸ਼ਨ ਉਨ੍ਹਾਂ ਨੂੰ ਦੇ ਦਿੱਤੀ ਗਈ। ਹੁੰਦਾ ਕੀ ਸੀ, ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ। ਉਨ੍ਹਾਂ ਦੇ ਅਸਿਸਟੈਂਟ ਦੇ ਫ਼ੋਨ ਆਉਂਦੇ, ਮੈਂ ਚੁੱਕਦੀ ਅਤੇ ਫ਼ੇਰ ਅੱਗੇ ਫ਼ਾਰਵਰਡ ਕਰ ਦਿੰਦੀ। ਥੋੜ੍ਹੇ ਦਿਨਾਂ ‘ਚ ਹੀ ਮੇਰਾ ਬੁਰਾ ਹਾਲ ਹੋ ਗਿਆ। ਮੈਂ ਗਈ ਕਟਾਰਾ ਸਾਹਿਬ ਕੋਲ, ”ਸਰ, ਫ਼ੋਨ ਹਟਵਾ ਦੋ ਮੇਰੀ ਸੀਟ ਤੋਂ ਨਹੀਂ ਤਾਂ ਲੋਕਾਂ ਨੇ ਕਹਿਣੈ ਖੇਤੀਬਾੜੀ ਪ੍ਰੋਗਰਾਮ ਦੇ ਅਸਿਸਟੈਂਟ ਬੰਸਵਾਲ ਨੇ ਆਪਣੀ ਕੋਈ PA ਰੱਖ ਲੀ ਹੈ।”
ਜ਼ਮਾਨੇ ਬੀਤ ਗਏ। ਬੰਦੇ ਬੀਤ ਗਏ। ਕਲਾਕਾਰ ਬੀਤ ਗਏ। ਪਰ ਫ਼ਿਲਮਾਂ ਦੇ ਨਾਟਕਾਂ ਦੇ ਪਾਤਰਾਂ ਜਿਹੇ ਲੋਕ ਯਾਦਾਂ ਦੇ ਸਰਮਾਏ ‘ਚ ਬੈਠੇ ਹੋਏ ਨੇ ਹਾਲੇ ਵੀ!