ਸੱਪ ਦੇ ਡੰਗਣ ਕਾਰਨ ਨੌਜਵਾਨ ਦੀ ਹੋਈ ਮੌਤ ! ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਰੇ ਸੂਬਿਆਂ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ’ਚ ਸੱਪ ਦੇ ਡੰਗਣ ਕਾਰਨ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਰੀਆਂ ਸੂਬਾਈ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਹਨ। ਕਮਿਸ਼ਨ ਨੇ ਇਹ ਕਾਰਵਾਈ ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੇ ਇਕ ਹਸਪਤਾਲ ’ਚ ਡਾਕਟਰੀ ਲਾਪਰਵਾਹੀ ਅਤੇ ਜੀਵਨ ਰੱਖਿਅਕ ਐਮਰਜੈਂਸੀ ਸਹੂਲਤਾਂ ਦੀ ਘਾਟ ਕਾਰਨ ਇਕ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਕੀਤੀ ਹੈ। ਕਮਿਸ਼ਨ ਨੂੰ ਇਸ ਸਬੰਧੀ ਇਕ ਸ਼ਿਕਾਇਤ ਮਿਲੀ ਸੀ।
ਸ਼ਿਕਾਇਤ ਅਨੁਸਾਰ ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਸਿਹਤ ਕੇਂਦਰ ਲਿਜਾਏ ਜਾਣ ਦੇ ਬਾਵਜੂਦ ਪੀੜਤ ਦਾ ਸਮੇਂ ਸਿਰ ਐਮਰਜੈਂਸੀ ਇਲਾਜ ਨਹੀਂ ਹੋਇਆ। ਉਸ ਨੂੰ ਐਂਟੀ ਸਨੇਕ ਵੇਨਮ ਨਹੀਂ ਦਿੱਤਾ ਗਿਆ। ਵੈਂਟੀਲੇਟਰ ’ਤੇ ਵੀ ਨਹੀਂ ਰੱਖਿਆ ਗਿਆ। ਇੰਟੈਂਸਿਵ ਕੇਅਰ ਯੂਨਿਟ ’ਚ ਵੀ ਨਹੀਂ ਭੇਜਿਆ ਗਿਆ। ਇਸ ਦੀ ਬਜਾਏ ਉਸ ਨੂੰ ਜ਼ਰੂਰੀ ਐਮਰਜੈਂਸੀ ਟਰਾਂਸਪੋਰਟ ਦੀ ਮਦਦ ਤੋਂ ਬਿਨਾਂ ਪ੍ਰਯਾਗਰਾਜ ਰੈਫਰ ਕਰ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਰਸਤੇ ’ਚ ਉਸ ਦੀ ਮੌਤ ਹੋ ਗਈ।
ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਮੁੱਖ ਜ਼ਿਲ੍ਹਾ ਹਸਪਤਾਲ ’ਚ ਜ਼ਰੂਰੀ ਜੀਵਨ ਰੱਖਿਅਕ ਡਾਕਟਰੀ ਸਹੂਲਤਾਂ ਦੀ ਘਾਟ ਸੰਵਿਧਾਨ ਦੇ ਆਰਟੀਕਲ 21 ਅਧੀਨ ਸਿਹਤ ਤੇ ਜੀਵਨ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤ ’ਚ ਦੋਸ਼ ਪਹਿਲੀ ਨਜ਼ਰੇ ਪੀੜਤ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਜਾਪਦੇ ਹਨ।