ਫਾਜ਼ਿਲਕਾ ਵਾਸੀਆਂ ਨੂੰ CM ਭਗਵੰਤ ਮਾਨ ਦਾ ਵੱਡਾ ਤੋਹਫ਼ਾ, ਬੇਅਦਬੀ ਦੇ ਮੁੱਦੇ ‘ਤੇ ਕਹੀ ਵੱਡੀ ਗੱਲ

ਫਾਜ਼ਿਲਕਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਾਜ਼ਿਲਕਾ ਦੇ ਬੱਲੂਆਣਾ ਵਿਖੇ ਪੀਣ ਵਾਲੇ ਪਾਣੀ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਫਾਜ਼ਿਲਕਾ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ 578.28 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਥੇ ਹੀ ਇਸ ਦੌਰਾਨ ਉਨ੍ਹਾਂ ਬੇਅਦਬੀ ਦੇ ਮੁੱਦੇ ‘ਤੇ ਪਿਛਲੀਆਂ ਸਰਕਾਰਾਂ ‘ਤੇ ਵੀ ਸ਼ਬਦੀ ਹਮਲੇ ਕੀਤੇ। ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਾਜ਼ਿਲਕਾ ਵਿਖੇ 700 ਕਿਲੋਮੀਟਰ ਦੀ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਦੇ ਜ਼ਰੀਏ 122 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ‘ਸਰਕਾਰ ਤੁਹਾਡੇ ਦੁਆਰ’ ਨਾਂ ਦੀ ਸਕੀਮ ਚਲਾਈ ਗਈ ਹੈ, ਜਿਸ ਵਿਚ ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਪਿੰਡਾਂ ਵਿਚ ਆਪਣੇ ਦਫ਼ਤਰ ਲਾਉਣਗੇ, ਜਿੱਥੇ ਲੋਕਾਂ ਦੀਆਂ ਰਜਿਸਟਰੀਆਂ, ਸਰਟੀਫਿਕੇਟ ਆਦਿ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਨੂੰ ਵੀ ਲਾਈਨ ਵਿਚ ਲੱਗਣ ਦੀ ਲੋੜ ਨਹੀਂ ਹੋਵੇਗੀ, ਸਗੋਂ ਘਰ ਆ ਕੇ ਅਫ਼ਸਰਾਂ ਵੱਲੋਂ ਪੈਨਸ਼ਨ ਦਿੱਤੀ ਜਾਵੇਗੀ। ਪਿਛਲੀਆਂ ਸਰਕਾਰਾਂ ‘ਤੇ ਸ਼ਬਦੀ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਕੰਮ ਸਿਰਫ਼ ਵੋਟਾਂ ਲੈਣਾ ਸੀ। ਹੁਣ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹ ਰਹੀਆਂ ਹਨ, ਭਾਵੇਂ ਥੋੜ੍ਹਾ ਸਮਾਂ ਲੱਗ ਰਿਹਾ ਹੈ ਪਰ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹਣ ਲੱਗੀਆਂ ਹਨ। ਹੁਣ ਪੈਸਾ ਲੁੱਟਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਕਾਨੂੰਨ ਸਭ ਦੇ ਲਈ ਇਕ ਹੈ।
ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਤੇ ਭਗਵੰਤ ਮਾਨ ਨੇ ਬਾਦਲਾਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ। ਅਸੀਂ ਗੁਰੂ ਦਾ ਇਨਸਾਫ਼ ਦਿਵਾਵਾਂਗੇ। ਗਲੀਆਂ ਵਿਚ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਨੂੰ ਇਨ੍ਹਾਂ ਨੇ ਰੋਲਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਥੇ ਦੇਰ ਹੈ ਅੰਧੇਰ ਨਹੀਂ, ਜੇ ਸਾਡੇ ਹੱਥ ਵਿਚ ਇਸਨਾਫ਼ ਦਾ ਪੈੱਨ ਆ ਗਿਆ ਤਾਂ ਗੁਰੂ ਦਾ ਇਨਸਾਫ਼ ਪੰਜਾਬ ਵਿਚ ਹੀ ਨਾ ਦਿਵਾ ਸਕੇ ਤਾਂ ਫਿਰ ਕਾਹਦੀਆਂ ਸਰਕਾਰਾਂ। ਹੁਣ ਗੁਰੂ ਦਾ ਇਨਸਾਫ਼ ਦਿਵਾਵਾਂਗੇ। ਇਨ੍ਹਾਂ ਤੋਂ ਲੁੱਟ ਦਾ ਹਰ ਹਿਸਾਬ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੋਈ ਤੀਜਾ ਵੀ ਆ ਸਕਦਾ ਹੈ। ਇਨ੍ਹਾਂ ਨੇ ਪਹਿਲਾਂ ਸੋਚਿਆ ਸੀ ਕਿ ਕੈਪਟਨ ਦੀ ਸਰਕਾਰ ਆਵੇਗੀ, ਕੋਈ ਨਾ ਆਪਣੇ ਹੀ ਹਨ, ਫਿਰ ਅਸੀਂ ਆਵਾਂਗਾ, ਅਸੀਂ ਤਾਂ ਹੈ ਹੀ ਆਪਣੇ। ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੋਈ ਤੀਜਾ ਵੀ ਆ ਸਕਦਾ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਕੱਲ੍ਹ ਹੀ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਅਤੇ ਅਸੀਂ ਇਨਸਾਫ਼ ਦਿਵਾਵਾਂਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਹਮਲਾ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਮੇਰੇ 32 ਦੰਦ ਹਨ ਅਤੇ ਮੇਰੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਹਨ। ਮੈਂ ਕਿਹਾ ਸੀ ਕਿ ਬਾਦਲ ਸਾਬ੍ਹ ਮੈਂ ਤੁਹਾਡੀ ਲੰਬੀ ਉਮਰ ਦੀ ਅਰਦਾਸ ਕਰਦਾ ਹਾਂ ਅਤੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਜੋ ਅਕਾਲੀ ਦਲ ਦਾ ਹਾਲ ਤੁਸੀਂ ਕੀਤਾ ਹੈ ਉਹ ਆਪਣੇ ਅੱਖੀਂ ਵੇਖ ਕੇ ਜਾਈਓਂ। ਭ੍ਰਿਸ਼ਟਾਚਾਰੀ ਹੁਣ ਅੰਦਰ ਜਾ ਰਹੇ ਹਨ। ਕਾਨੂੰਨ ਸਭ ਲਈ ਇਕ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਕੋਲੋਂ ਪੂਰਾ ਹਿਸਾਬ ਲਿਆ ਜਾਵੇਗਾ।