‘ਰਾਜਨੀਤਕ ਸ਼ਰਨ’ ਨੂੰ ‘ਆਰਥਿਕ ਸ਼ਰਨ’ ਮੰਨ ਕੇ ਵਿਦੇਸ਼ੀਂ ਵਸਦੇ ਪੰਜਾਬੀਆਂ ਦਾ ਮੁਲਕ ਆਉਣਾ-ਜਾਣਾ ਸੰਭਵ ਬਣਾਇਆ ਜਾਵੇ-ਚੰਦੂਮਾਜਰਾ

3ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬੀਆਂ ਵਲੋਂ ਵਿਦੇਸ਼ੀਂ ਵਸਣ ਲਈ ਕਿਸੇ ਵੇਲੇ ਲਈ ਗਈ ‘ਰਾਜਨੀਤਕ ਸ਼ਰਨ’ ਨੂੰ ‘ਆਰਥਿਕ ਸ਼ਰਨ’ ਮੰਨ ਕੇ ਹਜ਼ਾਰਾਂ ਪੰਜਾਬੀਆਂ ਨੂੰ ਆਪਣੇ ਮੁਲਕ ਆਉਣ-ਜਾਣ ਵਿਚ ਆ ਰਹੀ ਦਿੱਕਤ ਨੂੰ ਦੂਰ ਕੀਤਾ ਜਾਵੇ।
ਪ੍ਰੋ. ਚੰਦੂਮਾਜਰਾ ਨੇ ਅੱਜ ਲੋਕ ਸਭਾ ਵਿਚ ਨੇਮ ੩੩੭ ਅਧੀਨ ਕੇਂਦਰ ਸਰਕਾਰ ਦਾ ਧਿਆਨ ਇਸ ਮਾਮਲੇ ਵੱਲ ਦੁਆਦਿਆਂ ਕਿਹਾ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਸਦੇ ਪੰਜਾਬੀਆਂ ਨੂੰ ਪਿਛਲੇ ਦੋ ਦਹਾਕਿਆਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਪੱਕੇ ਤੌਰ ਉੱਤੇ ਵਸਣ ਦੀ ਇੱਛਾ ਅਧੀਨ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੇ ‘ਰਾਜਨੀਤਕ ਸ਼ਰਨ’ ਦਾ ਸਹਾਰਾ ਲੈ ਲਿਆ ਸੀ ਜਦੋਂ ਕਿ ਇਹਨਾਂ ਨੌਜਵਾਨਾਂ ਦਾ ਕਿਸੇ ਰਾਜਨੀਤਕ ਜਾਂ ਅਤਿਵਾਦੀ ਸਰਗਰਮੀ ਨਾਲ ਕੋਈ ਸਬੰਧ ਨਹੀਂ ਰਿਹਾ।ਪਰ ਕਿਸੇ ਤਰਾਂ ਇਹਨਾਂ ਪੰਜਾਬੀਆਂ ਦੇ ਨਾਂ ਕਾਲੀ ਸੂਚੀ ਵਿਚ ਸ਼ਾਮਲ ਹੋ ਗਏ ਅਤੇ ਉਹਨਾਂ ਦਾ ਆਪਣੇ ਮੁਲਕ ਵਿਚ ਆਉਣਾ ਜਾਣਾ ਬੰਦ ਹੋ ਗਿਆ।
ਅਕਾਲੀ ਆਗੂ ਨੇ ਕਿਹਾ ਕਿ ਇਹ ਇਹੋ ਜਿਹੀ ਸਮੱਸਿਆ ਹੈ ਜਿਸ ਪ੍ਰਤੀ ਹਮਦਰਦੀ ਅਤੇ ਮਾਨਵੀ ਪਹੁੰਚ ਅਪਨਾਉਣ ਦੀ ਲੋੜ ਹੈ।ਉਹਨਾਂ ਕਿਹਾ ਕਿ ਇਹ ਸਮੱਸਿਆ ਛੇਤੀ ਹੱਲ ਕਰਨ ਦੀ ਲੋੜ ਹੈ ਤਾਂ ਕਿ ਹਜ਼ਾਰਾਂ ਪੰਜਾਬੀ ਆਪਣੇ ਵਤਨ ਆ ਜਾ ਸਕਣ।
ਪ੍ਰੋ. ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਵੱਡੇ ਮੁਲਕਾਂ ਵਿਚ ਭਾਰਤੀ ਕੌਂਸਲੇਟ ਜਨਰਲ ਦੇ ਦਫ਼Àਮਪ;ਤਰ ਹਜ਼ਾਰਾਂ ਮੀਲ ਦੂਰ ਸਥਿਤ ਹੋਣ ਕਾਰਨ ਭਾਰਤੀਆਂ ਨੂੰ ਇਹਨਾਂ ਦਖ਼ਤਰਾਂ ਵਿਚ ਆਪਣੇ ਨਿੱਕੇ-ਨਿੱਕੇ ਕੰਮ-ਧੰਦੇ ਕਰਵਾਉਣ ਲਈ ਕਈ ਕਈ ਦਿਨ ਖ਼ਰਾਬ ਕਰਨੇ ਪੈਂਦੇ ਹਨ ਅਤੇ ਬਾਹਰਲੇ ਮੁਲਕਾਂ ਵਿਚ ਤਿੰਨ-ਚਾਰ ਦਿਨ ਕੰਮ ਤੋਂ ਛੁੱਟੀ ਕਰਨ ਦਾ ਮਤਲਬ ਸਾਰੇ ਮਹੀਨੇ ਦਾ ਬਜਟ ਦਾ ਹਿੱਲ ਜਾਣਾ ਹੈ।ਉਹਨਾਂ ਮੰਗ ਕੀਤੀ ਕਿ ਇਹਨਾਂ ਮੁਲਕਾਂ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਕੌਂਸਲੇਟ ਜਨਰਲ ਦੀਆਂ ਸ਼ਾਖਾਵਾਂ ਖੋਲੀਆਂ ਜਾਣ।
ਇਹ ਗੌਰਤਲਬ ਹੈ ਕਿ ਪ੍ਰੋ. ਚੰਦੂਮਾਜਰਾ ਵਿਦੇਸ਼ੀਂ ਵਸਦੇ ਪੰਜਾਬੀਆਂ ਦਾ ਇਹ ਮਸਲਾ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਲੋਕ ਸਭਾ ਵਿਚ ਉਠਾ ਰਹੇ ਹਨ।ਉਹਨਾਂ ਦਾ ਕਹਿਣਾ ਹੈ ਕਿ ਖ਼ਰਾਬ ਹਾਲਤਾਂ ਵਾਲੇ ਦੌਰ ਵਿਚ ਬਾਹਰਲੇ ਮੁਲਕਾਂ ਵਿਚ ਗਏ ਹਜ਼ਾਰਾਂ ਨੌਜਵਾਨਾਂ ਨੇ ‘ਰਾਜਨੀਤਕ ਸ਼ਰਨ’ ਦਾ ਰਾਹ ਵਰਤਿਆ ਜਰੂਰ ਹੈ, ਪਰ ਅਸਲ ਵਿਚ ਉਹਨਾਂ ਦਾ ਇਸ ਲਹਿਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਰਿਹਾ।