ਚੰਡੀਗੜ੍ਹ ਵਿੱਚ ਜੰਮੀ ਅਤੇ ਮਾਪਿਆਂ ਦੀ ਇਕਲੌਤੀ ਧੀ ਹਾਂ। ਮੇਰੇ ਮਾਪਿਆਂ ਨੂੰ ਮੁੰਡੇ ਦੀ ਕੋਈ ਇੱਛਾ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਕੋਈ ਹੋਰ ਬੱਚਾ ਨਾ ਪੈਦਾ ਕਰਨ ਦਾ ਫ਼ੈਸਲਾ ਲਿਆ। ਮੇਰੇ ਪਾਲਣ-ਪੋਸ਼ਣ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਮੈਨੂੰ ਵਧੀਆ ਸਕੂਲਾਂ ਵਿੱਚ ਪੜ੍ਹਾਇਆ। ਫ਼ਿਰ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਵੇਲੇ ਮੈਨੂੰ ਮੇਰੀ ਰੁਚੀ ਮੁਤਾਬਿਕ ਖ਼ੁਦ ਮਜ਼ਮੂਨ ਚੁਣਨ ਦੀ ਖੁੱਲ੍ਹ ਦਿੱਤੀ। ਉਨ੍ਹਾਂ ਨੇ ਆਪਣੀ ਪਸੰਦ ਮੇਰੇ ਉੱਤੇ ਕਦੇ ਨਹੀਂ ਥੋਪੀ। ਆਪਣੇ ਫ਼ੈਸਲੇ ਆਪ ਕਰਨ ਦਾ ਮੈਨੂੰ ਬੜਾ ਫ਼ਾਇਦਾ ਹੋਇਆ। ਮੇਰਾ ਆਤਮ-ਵਿਸ਼ਵਾਸ ਵਧਿਆ ਅਤੇ ਮੇਰੇ ਵਿੱਚ ਜ਼ਿੰਮੇਵਾਰੀ ਦਾ ਜਜ਼ਬਾ ਪੈਦਾ ਹੋਇਆ।
ਮੇਰੇ ਮੰਮੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਹਨ। ਮੇਰੇ ਪਾਪਾ ਪੱਤਰਕਾਰ ਹਨ। ਉਨ੍ਹਾਂ ਨੇ ਇਹ ਕਿੱਤਾ ਇਸ ਲਈ ਅਪਣਾਇਆ ਕਿਉਂਕਿ ਉਹ ਲੋਕਾਂ ਨੂੰ ਚੰਗੇ ਨਾਗਰਿਕ ਬਣਨ ਅਤੇ ਇੱਕ ਸਾਫ਼-ਸੁਥਰਾ ਸਮਾਜ ਸਿਰਜਣ ਲਈ ਪ੍ਰੇਰਨਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦੇ ਵਿੱਚਾਰਾਂ ਦਾ ਮੇਰੀ ਸੋਚ ਉੱਤੇ ਵੀ ਡੂੰਘਾ ਅਸਰ ਪਿਆ। ਮੈਂ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਦੇ ਕਿਰਦਾਰ ਤੋਂ ਹੀ ਸਿੱਖੀਆਂ।
ਸਾਡੀ ਘਰੇਲੂ ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਸੈਂਕੜੇ ਹੀ ਕਿਤਾਬਾਂ ਹਨ। ਬਚਪਨ ਤੋਂ ਹੀ ਮੈਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਗਈ। ਜਿਉਂ-ਜਿਉਂ ਮੈਂ ਵੱਡੀ ਹੁੰਦੀ ਗਈ, ਮੈਂ ਦੇਖਿਆ ਮੇਰੀ ਸਾਹਿਤ ਵਿੱਚ ਹੋਰ ਮਜ਼ਮੂਨਾਂ ਨਾਲੋਂ ਵਧੇਰੇ ਰੁਚੀ ਹੈ। ਇਸ ਕਰਕੇ ਮੈਂ ਐੱਮਏ ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਸਾਹਿਤ ਦੀ ਪੜ੍ਹਾਈ ਦਾ ਮੇਰੇ ਦਿਮਾਗ਼ ‘ਤੇ ਵੀ ਕੋਈ ਬੋਝ ਨਹੀਂ ਪਿਆ। ਮੈਂ ਸਿਲੇਬਸ ਤੋਂ ਬਾਹਰ ਦੀਆਂ ਵੀ ਬੇਸ਼ੁਮਾਰ ਕਿਤਾਬਾਂ ਪੜ੍ਹੀਆਂ। ਮੇਰੇ ਗਿਆਨ ਦਾ ਮੁੱਲ ਵੀ ਪਿਆ। ਮੈਂ ਯੂਨੀਵਰਸਿਟੀ ਵਿੱਚੋਂ ਅੱਵਲ ਆਈ। ਕਈਆਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਪੀਐੱਚ ਡੀ ਕਰ ਕੇ ਆਪਣੀ ਮੰਮੀ ਵਾਂਗ ਪ੍ਰੋਫ਼ੈਸਰ ਬਣਾਂ। ਪਰ ਮੈਂ ਆਪਣੇ ਆਪ ਨੂੰ ਅਕਾਦਮਿਕ ਜੀਵਨ ਤਕ ਹੀ ਮਹਿਦੂਦ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੇ ਪਾਪਾ ਵਾਂਗ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ ਜਿਸ ਕਰਕੇ ਮੈਂ ਸਿਵਿਲ ਸਰਵਿਸਿਜ਼ ਦਾ ਇਮਤਿਹਾਨ ਦਿੱਤਾ।
ਮੇਰੀ ਖ਼ੁਸ਼ਕਿਸਮਤੀ ਕਿ ਪਹਿਲੀ ਕੋਸ਼ਿਸ਼ ਵਿੱਚ ਹੀ ਮੈਂ ਕਾਮਯਾਬ ਹੋ ਗਈ। ਮੈਰਿਟ ਸੂਚੀ ਵਿੱਚ ਉੱਚਾ ਸਥਾਨ ਮਿਲਣ ਕਰਕੇ ਮੈਨੂੰ ਹੋਮ ਸਟੇਟ ਹੀ ਮਿਲ ਗਈ। ਟਰੇਨਿੰਗ ਪਿੱਛੋਂ ਮੇਰੀ ਪਹਿਲੀ ਨਿਯੁਕਤੀ ਐੱਸਡੀਐੱਮ ਵਜੋਂ ਮਾਲਵੇ ਦੇ ਇੱਕ ਪੱਛੜੇ ਇਲਾਕੇ ਵਿੱਚ ਹੋਈ। ਮੇਰਾ ਹੈੱਡਕੁਆਰਟਰ ਇੱਕ ਕਸਬਾ ਹੈ ਜਿਸ ਵਿੱਚ ਸਭ ਤੋਂ ਵੱਡੀ ਅਫ਼ਸਰ ਮੈਂ ਹੀ ਹਾਂ, ਪਰ ਮੈਂ ਆਪਣੇ ਆਪ ਨੂੰ ਅਫ਼ਸਰ ਨਹੀਂ ਸਮਝਦੀ। ਕਿਉਂ ਜੋ ਇੱਕ ਪਬਲਿਕ ਸਰਵੈਂਟ ਵਜੋਂ ਮੇਰਾ ਪਹਿਲਾ ਫ਼ਰਜ਼ ਲੋਕਾਂ ਦੀ ਸੇਵਾ ਹੈ।
ਇਸ ਇਲਾਕੇ ਵਿੱਚ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਸਿਹਤ ਸਹੂਲਤਾਂ ਦੀ ਘਾਟ ਵਰਗੀਆਂ ਅਨੇਕਾਂ ਸਮੱਸਿਆਵਾਂ ਹਨ। ਮੇਰੇ ਪਾਸ ਜਿਹੜੇ ਕੇਸ ਆਉਂਦੇ ਹਨ ਉਨ੍ਹਾਂ ਵਿੱਚੋਂ ਬਹੁਤੇ ਜ਼ਮੀਨ-ਜਾਇਦਾਦ ਦੇ ਝਗੜਿਆਂ, ਪਰਿਵਾਰਕ ਮਸਲਿਆਂ ਅਤੇ ਪੰਚਾਇਤੀ ਵਾਦ-ਵਿਵਾਦ ਬਾਰੇ ਹੁੰਦੇ ਹਨ। ਕਾਨੂੰਨੀ ਫ਼ੈਸਲਿਆਂ ਦੀ ਥਾਂ ਇਨ੍ਹਾਂ ਨੂੰ ਨਿਬੇੜਨ ਵਿੱਚ ਕਾਊਂਸਲਿੰਗ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਜੇ ਕਾਨੂੰਨੀ ਫ਼ੈਸਲਾ ਇੱਕ ਧਿਰ ਦੇ ਹੱਕ ਵਿੱਚ ਹੁੰਦਾ ਹੈ ਤਾਂ ਇਸ ਨਾਲ ਦੁਸ਼ਮਣੀਆਂ ਹੋਰ ਵਧਦੀਆਂ ਹਨ।
ਪਿੰਡਾਂ ਵਿੱਚ ਭਾਈਚਾਰੇ ਵਿੱਚ ਤਰੇੜਾਂ ਪੈ ਗਈਆਂ ਹਨ। ਇਨ੍ਹਾਂ ਦਾ ਇੱਕ ਕਾਰਨ ਪੰਚਾਇਤੀ ਚੋਣਾਂ ਵੇਲੇ ਹੁੰਦੀ ਧੜੇਬਾਜ਼ੀ ਹੈ। ਅਫ਼ਸੋਸ ਦੀ ਗੱਲ ਹੈ ਕਿ ਰਵਾਇਤੀ ਪਰਿਵਾਰਕ ਢਾਂਚਾ ਵੀ ਖੇਰੂੰ-ਖੇਰੂੰ ਹੋ ਗਿਆ ਹੈ। ਕਿਸੇ ਵੇਲੇ ਬਜ਼ੁਰਗ ਹੀ ਪਰਿਵਾਰ ਦੇ ਮੁਖੀ ਹੁੰਦੇ ਸਨ। ਅੱਜਕੱਲ੍ਹ ਨਾ ਤਾਂ ਸਮਾਜ ਵਿੱਚ ਤੇ ਨਾ ਹੀ ਘਰ ਵਿੱਚ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਹੈ। ਉਨ੍ਹਾਂ ਦੀ ਆਪਣੀ ਔਲਾਦ ਹੀ ਉਨ੍ਹਾਂ ਨਾਲ ਬਦਸਲੂਕੀ ਕਰਦੀ ਹੈ। ਇਹੋ ਜਿਹਾ ਇੱਕ ਕੇਸ ਪਿੱਛੇ ਜਿਹੇ ਮੇਰੇ ਕੋਲ ਆਇਆ।
ਇੱਕ ਬਜ਼ੁਰਗ ਮੇਰੇ ਕੋਲ ਇੱਕ ਅਰਜ਼ੀ ਲੈ ਕੇ ਆਇਆ ਕਿ ਜਿਹੜੀ ਜ਼ਮੀਨ ਅਤੇ ਘਰ ਉਸ ਨੇ ਆਪਣੇ ਭਤੀਜੇ ਦੇ ਨਾਂ ਕਰਵਾ ਦਿੱਤੇ ਸਨ, ਹੁਣ ਉਹ ਉਸ ਤੋਂ ਵਾਪਸ ਲੈਣਾ ਚਾਹੁੰਦਾ ਹੈ। ਜਦੋਂ ਮੈਂ ਪੁੱਛਿਆ, ”ਬਾਬਾ ਜੀ, ਤੁਸੀਂ ਇੰਜ ਕਿਉਂ ਕਰ ਰਹੇ ਹੋ?” ਤਾਂ ਉਸ ਨੇ ਇਸ ਦਾ ਕਾਰਨ ਉਸ ਦੇ ਭਤੀਜੇ ਵੱਲੋਂ ਉਸ ਦੀ ਬੇਇੱਜ਼ਤੀ ਅਤੇ ਉਸ ਨਾਲ ਧੌਲ-ਧੱਫ਼ਾ ਕਰਨਾ ਦੱਸਿਆ। ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਦਾ ਆਪਣਾ ਵਿਆਹ ਨਹੀਂ ਸੀ ਹੋਇਆ ਤਾਂ ਉਸ ਦੱਸਿਆ, ”ਬੀਬਾ ਮੇਰਾ ਵਿਆਹ ਦੇਸ਼ ਵੰਡ ਵੇਲੇ ਹੋਏ ਹੱਲੇ-ਗੁੱਲਿਆਂ ਤੋਂ ਦੋ ਮਹੀਨੇ ਪਹਿਲਾਂ ਚੜ੍ਹਦੇ ਹਾੜ੍ਹ ਵਿੱਚ ਹੋਇਆ ਸੀ। ਮੈਂ ਉਦੋਂ ਪੰਦਰਾਂ ਵਰ੍ਹੇ ਦਾ ਸੀ। ਮੇਰੀ ਵਹੁਟੀ ਵੀ ਮੇਰੀ ਹਾਨਣ ਹੀ ਸੀ। ਕੱਚੀ ਉਮਰ ਦੇ ਹੀ ਸੀ ਜਿਸ ਕਰਕੇ ਮੁਕਲਾਵਾ ਦੋ ਸਾਲ ਪਿੱਛੋਂ ਲਿਆਂਦਾ ਗਿਆ। ਪਰ ਉਨ੍ਹਾਂ ਦੋ ਸਾਲਾਂ ਵਿੱਚ ਹੀ ਸਾਡੇ ਘਰੇਲੂ ਹਾਲਾਤ ਬੜੇ ਬਦਲ ਗਏ ਸਨ। ਮੇਰਾ ਵੱਡਾ ਭਰਾ ਫ਼ੌਜ ਵਿੱਚ ਸੀ। ਉਹ ਵੱਡੀ ਲੜਾਈ ‘ਚੋਂ ਤਾਂ ਬਚ ਕੇ ਆ ਗਿਆ, ਪਰ ਪਾਕਿਸਤਾਨ ਨੇ ਜਦੋਂ ਕਸ਼ਮੀਰ ‘ਤੇ ਹਮਲਾ ਕੀਤਾ ਤਾਂ ਉਸ ਲੜਾਈ ਵਿੱਚ ਉਹ ਮਾਰਿਆ ਗਿਆ। ਪਹਿਲਾਂ ਉਸ ਦੇ ਦੋ ਗੁੱਡੀਆਂ ਸਨ। ਉਸ ਦੀ ਮੌਤ ਪਿੱਛੋਂ ਮੇਰੀ ਭਾਬੀ ਦੇ ਇੱਕ ਲੜਕਾ ਹੋਇਆ। ਇਨ੍ਹਾਂ ਜੁਆਕਾਂ ਦੀ ਜ਼ਿੰਮੇਵਾਰੀ ਮੇਰੇ ‘ਤੇ ਆ ਪਈ। ਜੇ ਮੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਘਰਦਿਆਂ ਨੇ ਜ਼ੋਰ ਪਾ ਕੇ ਮੈਨੂੰ ਜੁਆਕਾਂ ਦੀ ਖ਼ਾਤਰ ਭਾਬੀ ‘ਤੇ ਚਾਦਰ ਪਾਉਣ ਲਈ ਮਜਬੂਰ ਕਰ ਦੇਣਾ ਸੀ, ਪਰ ਹੁਣ ਇਹ ਨਹੀਂ ਸੀ ਹੋ ਸਕਦਾ। ਮੁਕਲਾਵੇ ਪਿੱਛੋਂ ਜਦ ਮੇਰੀ ਵਹੁਟੀ ਆਈ ਤਾਂ ਸਾਡੇ ਘਰ ਵਿੱਚ ਕਲੇਸ਼ ਪੈ ਗਿਆ। ਇੱਕ ਚੁਗਲਖੋਰ ਗੁਆਂਢਣ ਨੇ ਮੇਰੀ ਵਹੁਟੀ ਦੇ ਕੰਨ ਭਰ ਦਿੱਤੇ ਕਿ ਮੇਰੇ ਭਾਬੀ ਨਾਲ ਨਾਜਾਇਜ਼ ਸਬੰਧ ਹਨ। ਮੇਰੀ ਵਹੁਟੀ ਨਿਆਣੀ ਸੀ ਤੇ ਸੀ ਵੀ ਹਿੰਡੀ ਤੇ ਮੂੜਮੱਤ ਅਤੇ ਕੰਨਾਂ ਦੀ ਕੱਚੀ। ਉਸ ਨੇ ਆਢਾ ਲਾ ਲਿਆ ਕਿ ਜਾਂ ਤਾਂ ਮੈਂ ਅੱਡਾ ਹੋ ਜਾਵਾਂ ਨਹੀਂ, ਉਹ ਪੇਕੇ ਉਠ ਜਾਵੇਗੀ। ਜੇ ਭਾਈ ਜਿਉਂਦਾ ਹੁੰਦਾ ਤਾਂ ਅੱਡ ਹੋਣ ਵਾਲੀ ਗੱਲ ਬਣਦੀ ਸੀ। ਵਿਧਵਾ ਭਾਬੀ ਤੇ ਤਿੰਨ ਨਿਆਣਿਆਂ ਨੂੰ ਮੈਂ ਕਿਸ ਦੇ ਆਸਰੇ ਛੱਡਦਾ? ਗੱਲ ਵਧਦੀ ਗਈ। ਮੇਰੀ ਸੱਸ ਤਾਂ ਨਿਰੀ ਅੱਗ ਦੀ ਨਾਲ ਸੀ। ਸਾਡੇ ਪਿੰਡ ਆਈ ਅਤੇ ਮੱਲੋ-ਮੱਲੀ ਇਹ ਕਹਿ ਕੇ ਆਪਣੀ ਧੀ ਨੂੰ ਨਾਲ ਲੈ ਗਈ ਕਿ ਉਹ ਸਹੁਰੀਂ ਉਦੋਂ ਹੀ ਆਵੇਗੀ ਜਦ ਮੈਂ ਉਸ ਦਾ ਚੌਂਕਾ ਚੁੱਲ੍ਹਾ ਅੱਡ ਕਰ ਕੇ ਦੇਵਾਂਗਾ।”
ਮੈਂ ਟੋਕਦਿਆਂ ਕਿਹਾ, ”ਬਾਬਾ ਜੀ, ਤੁਹਾਡੇ ਘਰਦਿਆਂ ਜਾਂ ਉਸ ਦੇ ਪੇਕਿਆਂ ਨੇ ਵਿੱਚ ਪੈ ਕੇ ਕਲੇਸ਼ ਮਿਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ?” ਉਸ ਨੇ ਦੱਸਿਆ ਕਿ ਉਸ ਦੇ ਸਹੁਰਿਆਂ ਵਿੱਚ ਉਸ ਦੀ ਸੱਸ ਦੀ ਹੀ ਚੱਲਦੀ ਸੀ। ਕੋਈ ਉਸ ਦੀ ਗੱਲ ਨਹੀਂ ਉਲਟਾ ਸਕਦਾ ਸੀ। ਬਾਬੇ ਨੇ ਦੱਸਿਆ ਕਿ ਉਸ ਦੇ ਬਾਪੂ ਨੇ ਗ਼ਮੀ-ਖ਼ੁਸ਼ੀ ਵੇਲੇ ਸੁਨੇਹੇ ਭੇਜੇ ਕਿ ਉਸ ਦੀ ਵਹੁਟੀ ਆ ਜਾਵੇ, ਪਰ ਉਸ ਦੀ ਗੱਲ ਕਿਸੇ ਨੇ ਨਾ ਗੌਲੀ। ਮਾਂ ਧੀ ਨੇ ਇੱਕੋ ਜ਼ਿੱਦ ਫ਼ੜੀ ਰੱਖੀ ਕਿ ਉਹ ਅੱਡ ਹੋ ਕੇ ਖ਼ੁਦ ਜਾ ਕੇ ਆਪਣੀ ਵਹੁਟੀ ਨੂੰ ਲੈ ਕੇ ਆਵੇ। ਦੋਵੇਂ ਧਿਰਾਂ ਆਪਣੀ ਜ਼ਿੱਦ ‘ਤੇ ਅੜੀਆਂ ਰਹੀਆਂ। ਸਾਲ ਬੀਤ ਗਏ। ਇਹ ਬਜ਼ੁਰਗ ਆਪਣੇ ਭਰਾ ਦੀ ਕਬੀਲਦਾਰੀ ਸਾਂਭਦਾ ਬੁੱਢਾ ਹੋ ਗਿਆ ਅਤੇ ਉਸ ਦੀ ਵਹੁਟੀ ਭਾਈ-ਭਤੀਜਿਆਂ ਦਾ ਗੋਲਪੁਣਾ ਕਰਦੀ ਬੁੱਢੀ ਹੋ ਗਈ। ਜਦੋਂ ਉਸ ਦੀ ਵਹੁਟੀ ਚਲਾਣਾ ਕਰ ਗਈ ਤਾਂ ਉਸ ਦੇ ਭਤੀਜੇ ਨੇ ਉਸ ‘ਤੇ ਜ਼ੋਰ ਪਾਇਆ ਕਿ ਉਹ ਆਪਣਾ ਘਰ ਅਤੇ ਭੋਇੰ ਭਤੀਜੇ ਦੇ ਨਾਂ ਲਗਵਾ ਦੇਵੇ, ਨਹੀਂ ਤਾਂ ਇਹ ਉਸ ਦੀਆਂ ਭਤੀਜੀਆਂ ਦੇ ਨਾਂ ਹੀ ਚੜ੍ਹ ਜਾਵੇਗੀ। ਅਤੇ ਹੋ ਸਕਦਾ ਹੈ ਕਿ ਉਹ ਆਪਣੇ ਹਿੱਸੇ ਆਈ ਜ਼ਮੀਨ ਸ਼ਰੀਕਾਂ ਨੂੰ ਵੇਚ ਜਾਣ। ਬਜ਼ੁਰਗ ਨੇ ਇਹ ਸੋਚ ਕੇ ਕਿ ਜੱਦੀ ਜਾਇਦਾਦ ਆਪਣੇ ਖਾਨਦਾਨ ਵਿੱਚ ਹੀ ਰਹਿਣੀ ਚਾਹੀਦੀ ਹੈ, ਆਪਣੇ ਜਿਉਂਦੇ ਜੀਅ ਹੀ ਭਤੀਜੇ ਦੇ ਨਾਂ ਕਰਵਾ ਦਿੱਤੀ। ਉਸ ਦਿਨ ਤੋਂ ਹੀ ਉਸ ਦੇ ਭਤੀਜੇ ਅਤੇ ਉਸ ਦੀ ਵਹੁਟੀ ਦਾ ਬਜ਼ੁਰਗ ਵੱਲ ਰਵੱਈਆ ਬਦਲ ਗਿਆ।
ਬਾਬਾ ਕਹਿਣ ਲੱਗਾ, ”ਬੀਬਾ, ਪਹਿਲਾਂ ਤਾਂ ਮੈਨੂੰ ਵੇਲੇ ਸਿਰ ਰੋਟੀ-ਟੁੱਕ ਹੀ ਨਾ ਦੇਣਾ। ਇੱਕ ਵਾਰੀ ਮੈਂ ਬਿਮਾਰ ਹੋ ਗਿਆ ਤਾਂ ਮੇਰੇ ਲਈ ਕਿਸੇ ਨੇ ਦਵਾਈ ਤਾਂ ਕੀ ਲਿਆ ਕੇ ਦੇਣੀ ਸੀ, ਮੇਰੇ ਕਹੇ ‘ਤੇ ਚਾਹ ਦੀ ਘੁੱਟ ਵੀ ਨਾ ਦਿੱਤੀ। ਜਦੋਂ ਮੈਂ ਆਪਣੇ ਭਤੀਜੇ ਨਾਲ ਇਹ ਗੱਲ ਕੀਤੀ ਤਾਂ ਉਹ ਉਲਟਾ ਮੇਰੇ ਹੀ ਗਲ ਪੈ ਗਿਆ ਅਤੇ ਆਖਣ ਲੱਗਾ ਕਿ ਮੈਨੂੰ ਤਾਂ ਹਰ ਵੇਲੇ ਆਪਣੇ ਖਾਣ-ਪੀਣ ਦਾ ਹੀ ਲੱਗਾ ਰਹਿੰਦਾ ਹੈ, ਘਰ ਦੇ ਹੋਰ ਕੰਮ-ਕਾਰ ਵੀ ਬਥੇਰੇ ਹੁੰਦੇ ਹਨ। ਜਦ ਮੈਂ ਉਸ ਨੂੰ ਆਖਿਆ ਕਿ ਮੈਂ ਉਸ ਨੂੰ ਪੈਦਾਇਸ਼ ਤੋਂ ਪਾਲਿਆ ਅਤੇ ਸਾਰੀ ਉਮਰ ਹੱਡ-ਭੰਨਵੀਂ ਮਿਹਨਤ ਕੀਤੀ ਅਤੇ ਉਸ ਦੀਆਂ ਭੈਣਾਂ ਨੂੰ ਚੰਗੇ ਘਰੀ ਵਿਆਹਿਆ ਤਾਂ ਉਹ ਕਹਿੰਦਾ: ਤੂੰ ਨਾ ਕਰਦਾ। ਮੈਂ ਕਿਹਾ ਕਿ ਮੈਂ ਆਪਣੀ ਜਾਇਦਾਦ ਤੈਨੂੰ ਦੇ ਕੇ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਲਿਆ। ਮੈਨੂੰ ਨਹੀਂ ਪਤਾ ਸੀ ਤੂੰ ਇਉਂ ਅੱਖਾਂ ਫ਼ੇਰ ਲਵੇਂਗਾ। ਇਉਂ ਤਾਂ ਕੋਈ ਮੌਲੇ ਬਲਦ ਨਾਲ ਵੀ ਨਹੀਂ ਕਰਦਾ। ਜਦੋਂ ਉਹ ਵਾਹੀ ਦੇ ਕਾਬਲ ਨਾ ਰਹੇ ਤਾਂ ਵੀ ਉਸ ਨੂੰ ਪੱਠੇ ਪਾਉਂਦਾ ਹੈ।”
ਮੈਂ ਪੁੱਛਿਆ, ”ਬਾਬਾ ਜੀ, ਤੁਹਾਡੀ ਗੱਲ ਦਾ ਕੋਈ ਉਸ ‘ਤੇ ਅਸਰ ਨਹੀਂ ਹੋਇਆ?”
”ਬੀਬਾ, ਅਸਰ ਉਲਟਾ ਹੋਇਆ। ਮੈਨੂੰ ਬਾਹੋਂ ਫ਼ੜ ਕੇ ਧੱਕਾ ਮਾਰ ਕੇ ਬੂਹੇ ਤੋਂ ਬਾਹਰ ਕੱਢ ਦਿੱਤਾ ਅਤੇ ਕਹਿੰਦਾ ਗੁਰਦੁਆਰੇ ਜਾ ਬੈਠ ਜਾਂ ਕਿਸੇ ਖੂਹ-ਟੋਭੇ ਵਿੱਚ ਡੁੱਬ ਮਰ। ਸਾਡਾ ਖਹਿੜਾ ਛੱਡ। ਬੀਬਾ, ਜਿਹੜਾ ਤੈਥੋਂ ਪਹਿਲਾਂ ਅਫ਼ਸਰ ਇੱਥੇ ਸੀ, ਉਸ ਨੇ ਮੈਨੂੰ ਕਿਹਾ ਸੀ: ‘ਬਾਬਾ, ਤੂੰ ਜਿਉਂਦੇ ਜੀਅ ਆਪਣੀ ਜਾਇਦਾਦ ਆਪਣੇ ਭਤੀਜੇ ਨੂੰ ਨਾ ਦੇ। ਅੱਜ-ਕੱਲ੍ਹ ਤਾਂ ਪੁੱਤ ਕਪੁੱਤ ਹੋਏ ਫ਼ਿਰਦੇ ਹਨ ਅਤੇ ਭਤੀਜੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ।’ ਮੈਂ ਕਿਹਾ: ‘ਮੈਨੂੰ ਆਪਣੇ ਭਤੀਜੇ ‘ਤੇ ਪੂਰਾ ਯਕੀਨ ਹੈ। ਮੈਂ ਉਸ ਨੂੰ ਪੁੱਤ ਵਾਂਗ ਪਾਲਿਆ ਹੈ।’ ਉਹ ਅਫ਼ਸਰ ਕਹਿੰਦਾ: ‘ਬਾਬਾ, ਜੋ ਤੇਰੀ ਮਰਜ਼ੀ। ਪਰ ਫ਼ਿਰ ਵੀ ਮੈਂ ਇੰਤਕਾਲ ਵਿੱਚ ਲਿਖ ਦਿੰਦਾ ਹਾਂ ਕਿ ਜੇ ਭਤੀਜੇ ਨੇ ਤੇਰੀ ਸੇਵਾ-ਸੰਭਾਲ ਨਾ ਕੀਤੀ ਤਾਂ ਤੂੰ ਆਪਣੀ ਜਾਇਦਾਦ ਵਾਪਸ ਲੈ ਸਕੇਂਗਾ।’ ਬੀਬਾ ਉਸ ਅਫ਼ਸਰ ਦੀ ਸਿਆਣਪ ਦੀ ਮੈਨੂੰ ਹੁਣ ਸਮਝ ਪਈ ਹੈ। ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਗਿਆ। ਸ਼ੁਕਰ ਹੈ ਮੈਂ ਉਸ ਨਾ-ਸ਼ੁਕਰੇ ਭਤੀਜੇ ਤੋਂ ਆਪਣੀ ਭੋਇੰ ਤੇ ਘਰ ਵਾਪਸ ਲੈ ਸਕਦਾ ਹਾਂ ਜਿਸ ਕਰਕੇ ਮੈਂ ਤੁਹਾਡੇ ਕੋਲ ਇਹ ਅਰਜ਼ੀ ਦਿੱਤੀ ਹੈ।”
ਮੈਂ ਕਿਹਾ, ”ਬਾਬਾ ਜੀ, ਠੀਕ ਹੈ। ਕਾਨੂੰਨੀ ਤੌਰ ‘ਤੇ ਤੁਸੀਂ ਇੰਜ ਕਰ ਸਕਦੇ ਹੋ। ਮੈਂ ਛੇਤੀ ਹੀ ਤੁਹਾਡੇ ਹੱਕ ਵਿੱਚ ਇਹ ਫ਼ੈਸਲਾ ਕਰ ਦੇਵਾਂਗੀ, ਪਰ ਤੁਸੀਂ ਇਸ ਜਾਇਦਾਦ ਦੀ ਇਸ ਬਿਰਧ ਅਵਸਥਾ ਵਿੱਚ ਸੰਭਾਲ ਕਿਵੇਂ ਕਰੋਗੇ?” ਤਾਂ ਬਜ਼ੁਰਗ ਨੇ ਕਿਹਾ, ”ਬੀਬਾ, ਮੇਰੀ ਇੱਕ ਹੋਰ ਮਦਦ ਕਰ ਦਿਓ। ਮੈਂ ਆਪਣੇ ਘਰ ਵਿੱਚ ਬਿਰਧ ਆਸ਼ਰਮ ਬਣਾਉਣਾ ਚਾਹੁੰਦਾ ਹਾਂ ਅਤੇ ਇੱਕ ਟਰੱਸਟ ਬਣਾਉਣਾ ਚਾਹੁੰਦਾ ਹਾਂ ਜੋ ਮੇਰੀ 15 ਕਿੱਲੇ ਜ਼ਮੀਨ ਨੂੰ ਇਹ ਬਿਰਧ ਆਸ਼ਰਮ ਚਲਾਉਣ ਲਈ ਵਰਤੇ। ਸਾਡੇ ਪਿੰਡ ਦੇ ਉਹ ਬਿਰਧ ਜਿਨ੍ਹਾਂ ਦੀ ਔਲਾਦ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਲੈਂਦੀ, ਇਸ ਆਸ਼ਰਮ ਨੂੰ ਆਪਣਾ ਹੀ ਘਰ ਸਮਝਣ।”
ਮੈਂ ਕਿਹਾ, ”ਬਾਬਾ ਜੀ, ਮੈਂ ਇੰਜ ਹੀ ਕਰਾਂਗੀ। ਤੁਹਾਡੀ ਜਾਇਦਾਦ ਵੀ ਤੁਹਾਨੂੰ ਵਾਪਸ ਦਿਵਾ ਦਿਆਂਗੀ। ਟਰੱਸਟ ਬਣਾਉਣ ਵਿੱਚ ਵੀ ਮਦਦ ਕਰਾਂਗੀ ਅਤੇ ਸਰਕਾਰ ਵੱਲੋਂ ਵੀ ਇਸ ਵਿੱਚ ਮਾਲੀ ਮਦਦ ਦਿਵਾਵਾਂਗੀ।”
ਬਾਬੇ ਨੇ ਮੇਰਾ ਸਿਰ ਪਲੋਸਿਆ ਅਤੇ ਆਸ਼ੀਰਵਾਦ ਦਿੰਦਿਆਂ ਕਿਹਾ, ”ਬੀਬਾ ਧੰਨ ਹਨ ਉਹ ਮਾਪੇ ਜਿਨ੍ਹਾਂ ਦੀਆਂ ਧੀਆਂ ਤੇਰੇ ਵਰਗੀਆਂ ਹਨ। ਮੂਰਖ ਲੋਕ ਐਵੇਂ ਕਹਿੰਦੇ ਫ਼ਿਰਦੇ ਹਨ ਕਿ ਖਾਨਦਾਨ ਮੁੰਡਿਆਂ ਨਾਲ ਹੀ ਚਲਦੇ ਹਨ।”
ਬਾਬੇ ਦੇ ਜਾਣ ਪਿੱਛੋਂ ਮੈਂ ਬੜੀ ਦੇਰ ਸੋਚਦੀ ਰਹੀ ਕਿ ਪੈਸੇ ਦੇ ਲਾਲਚ ਨੇ ਕਿਵੇਂ ਨਵੀਂ ਪੀੜ੍ਹੀ ਨੂੰ ਖ਼ੁਦਗਰਜ਼ ਅਤੇ ਅਕ੍ਰਿਤਘਣ ਬਣਾ ਦਿੱਤਾ ਹੈ।
– ਅਮਰਜੀਤ ਸਿੰਘ ਹੇਅਰ (ਡਾ.)















