ਨਾਰਥ ਸਾਊਂਡ: ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਚਮਤਕਾਰੀ ਗੇਂਦਬਾਜ਼ੀ ਨਾਲ ਭਾਰਤ ਨੇ ਅੱਜ ਇੱਥੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਮੈਚ ਵਿੱਚ ਚੌਥੇ ਦਿਨ ਹੀ ਪਾਰੀ ਤੇ 92 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਏਸ਼ੀਆ ਮਹਾਦੀਪ ਤੋਂ ਬਾਹਰ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤੀ ਪਾਰੀ ਵਿੱਚ ਸੈਂਕੜਾ ਲਗਾਉਣ ਵਾਲੇ ਅਸ਼ਵਿਨ ਨੇ 83 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜਿਸ ਨਾਲ ਵੈਸਟਇੰਡੀਜ਼ ਦੀ ਟੀਮ ਫ਼ਾਲੋਆਨ ਖੇਡਦੇ ਹੋਏ ਦੂਜੀ ਪਾਰੀ ਵਿੱਚ 231 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਇਸ ਤਰ੍ਹਾਂ 4 ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਦੀ ਇਹ ਵੈਸਟਇੰਡੀਜ਼ ਦੀ ਧਰਤੀ ‘ਤੇ ਪਾਰੀ ਦੇ ਫ਼ਰਕ ਨਾਲ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਏਸ਼ੀਆ ਦੇ ਬਾਹਰ ਪਾਰੀ ਦੇ ਫ਼ਰਕ ਨਾਲ ਜ਼ਿੰਬਾਬਵੇ ‘ਤੇ 2005 ਵਿੱਚ ਬੁਲਾਵਾਓ ਵਿੱਚ ਦਰਜ ਕੀਤੀ ਸੀ। ਤਦ ਉਸ ਨੇ ਪਾਰੀ ਤੇ 90 ਦੌੜਾਂ ਨਾਲ ਮੈਚ ਜਿੱਤਿਆ ਸੀ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (200) ਦੇ ਦੋਹਰੇ ਸੈਂਕੜੇ ਅਤੇ ਅਸ਼ਵਿਨ (113) ਦੇ ਸੈਂਕੜੇ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ 8 ਵਿਕਟਾਂ ‘ਤੇ 566 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਨੂੰ ਆਪਣੀ ਪਹਿਲੀ ਪਾਰੀ ਵਿੱਚ 243 ਦੌੜਾਂ ‘ਤੇ ਆਲ ਆਊਟ ਹੋਣ ਤੋਂ ਬਾਅਦ ਫ਼ਾਲੋਆਨ ਖੇਡਣ ਲਈ ਮਜਬੂਰ ਹੋਣਾ ਪਿਆ ਸੀ। ਵੈਸਟਇੰਡੀਜ਼ ਵਲੋਂ ਦੂਜੀ ਪਾਰੀ ਵਿੱਚ ਕਾਰਲੋਸ ਬ੍ਰੈਥਵੇਟ (ਅਜੇਤੂ 51) ਤੇ ਮਾਰਲਨ ਸੈਮੂਅਲਸ (50) ਨੇ ਅਰਧ ਸੈਂਕੜੇ ਲਗਾਏ।
ਇਕ ਸਮੇਂ ਲੱਗ ਰਿਹਾ ਸੀ ਕਿ ਭਾਰਤ ਆਪਣੇ ਇਸ ਵਿਰੋਧੀ ਵਿਰੁੱਧ ਪਾਰੀ ਦੇ ਫ਼ਰਕ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਿੱਚ ਸਫ਼ਲ ਹੋਵੇਗਾ ਪਰ ਕਾਰਲੋਸ ਬ੍ਰੈਥਵੇਟ ਤੇ ਦੇਵੇਂਦ੍ਰ ਬਿਸ਼ੂ (45) ਨੇ 9ਵੀਂ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕਰਕੇ ਹਾਰ ਦਾ ਫ਼ਰਕ ਘੱਟ ਕਰ ਦਿੱਤਾ। ਅਸ਼ਵਿਨ ਨੇ ਬਿਸ਼ੂ ਨੂੰ ਆਊਟ ਕਰਕੇ ਇਕ ਸਾਂਝੇਦਾਰੀ ਤੋੜੀ ਤੇ ਫ਼ਿਰ ਇਸੇ ਓਵਰ ਵਿੱਚ ਸ਼ੈਨੋਨ ਗੈਬ੍ਰੀਅਲ ਦੀਆਂ ਗਿੱਲੀਆਂ ਉਡਾ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ।
ਭਾਰਤ ਦੀ ਵੈਸਟਇੰਡੀਜ਼ ਵਿਰੁੱਧ ਇਹ ਕੁਲ 17ਵੀਂ ਤੇ ਉਸਦੀ ਧਰਤੀ ‘ਤੇ ਛੇਵੀਂ ਜਿੱਤ ਹੈ।












