ਚੇਤੇ ਆਇਆ ਚਕਰ ਵਾਲਾ ਬੰਤ ਸਿੱਧੂ

ਡਾਇਰੀ/ ਨਿੰਦਰ ਘੁਗਿਆਣਵੀ
ਇਹ ਤਸਵੀਰ 2001 ਦੀ ਹੈ, ਲਗਭਗ 22 ਸਾਲ ਪਹਿਲਾਂ ਦੀ, ਅਤੇ ਮੇਰੀ ਪਹਿਲੀ ਕੈਨੇਡਾ ਫ਼ੇਰੀ ਦੀ, ਵੈਨਕੂਵਰ ਦੀ। ਮੇਰੇ ਨਾਲ ਅੰਕਲ ਬੰਤ ਸਿੱਧੂ (ਚਕਰ ਵਾਲਾ) ਖੜ੍ਹਾ ਹੈ। ਬੰਤ ਸਿੱਧੂ ਐਬਟਸਫ਼ੋਰਡ ਰਹਿੰਦਾ ਆਪਣੇ ਵੱਡੇ ਫ਼ਾਰਮ ਹਾਊਸ ‘ਚ ਜੋ ਐਬਟਸਫ਼ੋਰਡ ਦੇ ਨਿੱਕੇ ਅਤੇ ਪਿਆਰੇ ਜਿਹੇ ਏਅਰ ਪੋਰਟ ਦੇ ਜਮ੍ਹਾਂ ਈ ਨਾਲ ਪੈਂਦੈ। ਜਹਾਜ਼ ਉਡਦੇ ਲਹਿੰਦੇ ਰਹਿੰਦੇ ਨੇ ਕਾਵਾਂ ਅਤੇ ਚਿੜੀਆਂ ਵਾਂਗ। ਹਰ ਸਾਲ ਅਗਸਤ ਮਹੀਨੇ ਇਥੇ ਜਹਾਜ਼ਾਂ ਦਾ ਅੰਤਰਰਾਸ਼ਟਰੀ ਮੇਲਾ ਲਗਦਾ। ਦੁਨੀਆਂ ਭਰ ਦੇ ਜਹਾਜ਼ ਇਥੇ ਆ ਕੇ ਆਸਮਾਨ ਮੱਲ ਲੈਂਦੇ। ਜਹਾਜ਼ਾਂ ਦੀ ਘੂਕਰ ਨਾਲ ਲਾਗਲੇ ਫ਼ਾਰਮ ਅੱਕਦੇ ਥੱਕਦੇ ਨਹੀ ਸਨ ਸਗੋਂ ਜਹਾਜ਼ਾਂ ਦੀ ਘੂਕਰ ਨੂੰ ਐਂਜੁਆਏ ਕਰਦੇ ਰਹਿੰਦੇ। ਪੰਛੀ ਜਹਾਜ਼ਾਂ ਨਾਲ ਖੇਲਦੇ ਦਿਸਦੇ। ਇੱਕ ਮੇਲਾ ਮੈਂ ਵੀ ਦੇਖਿਆ ਸੀ ਉੱਥੇ। ਮੇਰਾ ਬੜਾ ਜੀਅ ਲੱਗਿਆ ਬੰਤ ਅੰਕਲ ਦੇ ਫ਼ਾਰਮ ‘ਤੇ। ਮੈਂ ਵੱਡੇ ਸ਼ੀਸ਼ੇ ਦੀ ਕੰਧ ਕੋਲ ਕੁਰਸੀ ‘ਤੇ ਬੈਠਾ ਕੁੱਝ ਲਿਖਦਾ ਰਹਿੰਦਾ, ਇਹ ਦੇਖ ਅੰਕਲ ਬੜਾ ਖ਼ੁਸ਼ ਹੁੰਦਾ ਤੇ ਆਖਦਾ, ”ਓ ਵਾਹ ਵਾਹ ਬਈ ਤੂੰਬੀ ਮਾਸਟਰ, ਨਹੀ ਰੀਸਾਂ ਤੇਰੀਆਂ।”
ਆਥਣੇ ਨਿੱਤ ਬੰਦੇ ਜੁੜਦੇ ਆਲੇ ਦੁਆਲੇ ਦੇ ਫ਼ਾਰਮਾਂ ਦੇ ਮਾਲਕ, ਕੈਨੇਡੀਅਨ ਪੰਜਾਬੀ ਕਿਰਸਾਨ। ਬੋਤਲਾਂ ਖੁੱਲ੍ਹਦੀਆਂ। ਬਾਰ-ਬੀਕੀਊ ਬਣਦਾ। ਤੂੰਬੀ ਟੁਣਕਦੀ। ਮੇਰੀ ਜੇਬ੍ਹ ਡਾਲਰਾਂ ਨਾਲ ਭਰਦੀ। ਸੁਰਜੀਤ ਆਂਟੀ ਮਹਾਂ ਛੋਲਿਆਂ ਦੀ ਦਾਲ ਅਤੇ ਤਰੀ ਵਾਲਾ ਚਿਕਨ ਧਰਦੀ। ਰਸੋਈ ਮਹਿਕਦੀ। ਗਲਾਸੀਆਂ ਖੜਕਦੀਆਂ। ਖੈਰ! ਬੰਤ ਅੰਕਲ ਦਾ ਤਕੀਆ ਕਲਾਮ ਸੀ, ”ਵੱਧ ਕੇ ਐ ਬਈ ਵੱਧ ਕੇ ਐ।” ਜੇ ਸੁਰਜੀਤ ਆਂਟੀ ਪੁਛਦੀ ਕਿ ਚਿਕਨ ਕਿਵੇਂ ਦਾ ਬਣਿਆ ਬੰਤ ਅੰਕਲ ਨੇ ਕਹਿਣਾ, ”ਵੱਧ ਕੇ ਐ, ਸੁਰਜੀਤ ਕੁਰੇ ਵਧ ਕੇ।” ਕਿਸੇ ਵੀ ਚੀਜ਼ ਦੀ ਉਹ ਜਦ ਤਾਰੀਫ਼ ਕਰਦਾ ਤਾਂ ਆਖਦਾ, ”ਵੱਧ ਕੇ ਐ ਬਈ ਵੱਧ ਕੇ।”
****
ਸੰਨ 2005 ਵਿੱਚ ਬੰਤ ਅੰਕਲ ਚੱਲ ਵੱਸਿਆ। ਮੈਂ ਟੋਰੌਂਟੋ ਸਾਂ। ਬੰਤ ਅੰਕਲ ਦੇ ਗਰਾਈਂ ਅਤੇ ਖੇਡ ਲੇਖਕ ਪਿੰ.ਸਰਵਣ ਸਿੰਘ ਨੇ ਇਹ ਖ਼ਬਰ ਭਰੇ ਮਨ ਨਾਲ ਦੱਸੀ ਸੀ। ਬੜੇ ਵਾਰੀ ਅੰਕਲ ਦੇ ਫ਼ਾਰਮ ਗਿਆ ਹਾਂ। ਇਹ ਫ਼ਾਰਮ ਦਿਲ ‘ਚੋਂ ਕਦੇ ਨਾ ਨਿਕਲਿਆ ਮੇਰੇ। ਜਦ ਅੰਕਲ ਦੇ ਫੁਲ ਚੁਗਣ ਜਾਣਾ ਸੀ ਤਾਂ ਮੈਂ ਟੋਰੌਂਟੋ ਤੋਂ ਫ਼ਲਾਈਟ ਫ਼ੜ ਐਬਟਸਫ਼ੋਰਡ ਆਣ ਲੱਥਾ। ਸਬੱਬ ਨਾਲ, ਨਿਕੜਾ ਜਿਹਾ ਜਹਾਜ਼ ਧਰਤੀ ‘ਤੇ ਉਤਰ ਕੇ ਪਤਲੇ ਰਨਵੇਅ ‘ਤੇ ਦੌੜਦਾ ਹੋਇਆ ਅਤੇ ਫ਼ਿਰ ਧੀਮਾ ਹੁੰਦਾ ਹੁੰਦਾ ਬੰਤ ਅੰਕਲ ਦੇ ਫ਼ਾਰਮ ਮੂਹਰੇ ਆਣ ਖਲੋਇਆ ਅਤੇ ਏਅਰ ਪੋਰਟ ਤੋਂ ਹਰੀ ਲਾਈਟ ਉਡੀਕਣ ਲੱਗਾ। ਜਹਾਜ਼ੇ ਬੈਠੇ ਨੇ ਹੀ ਮੈਂ ਫ਼ਾਰਮ ਵੱਲ ਨਿਗ੍ਹਾ ਮਾਰੀ। ਫ਼ਾਰਮ ਬੇਹੱਦ ਨਿਰਾਸ਼ ਸੀ। ਮਾਲਕ ਜੁ ਤੁਰ ਗਿਆ ਸੀ ਉਸ ਦਾ, ਫ਼ਸਲਾਂ ਗੋਡੇ ਗੋਡੇ ਉਦਾਸ ਸਨ। ਫ਼ਾਰਮ ਦੇ ਬਾਹਰ ਕਈ ਗੱਡੀਆਂ ਸਿਰ ਸੁੱਟੀ ਖੜ੍ਹੀਆਂ ਸਨ। ਆਏ ਬੈਠੇ ਰਿਸ਼ਤੇਦਾਰ ਮੇਰੀ ਫ਼ਲਾਈਟ ਉਡੀਕ ਰਹੇ ਸਨ। ਇਹ ਕੈਸਾ ਸਬੱਬ ਸੀ ਕਿ ਫ਼ਾਰਮ ‘ਚ ਵੜਨ ਤੋਂ ਪਹਿਲਾਂ ਹੀ ਸੋਗੀ ਹੋਏ ਫ਼ਾਰਮ ਨੂੰ ਜੱਫ਼ੀ ਪਾ ਲਈ ਸੀ ਮੈਂ, ਜਹਾਜ਼ ‘ਚ ਬੈਠੇ-ਬੈਠੇ ਹੀ ਅੱਖਾਂ ਨਮ ਹੋ ਗਈਆਂ। ਬਾਹਰ ਬੰਤ ਅੰਕਲ ਦਾ ਬੇਟਾ ਲੈਣ ਆਇਆ ਸੀ, ਉਸ ਨੇ ਜੱਫ਼ੀ ਪਾਈ। ਕੈਨੇਡੀਅਨ ਪਾਲ ਨੇ ਗੋਰਿਆਂ ਵਾਲੀ ਸਿਸਕੀ ਲਈ, ”ਨੀਂਡਰ, ਡੈਡ ਕਿਥੇ ਚਲਾ ਗਿਆ ਐ ਮੇਰਾ?” ਇਹ ਸੁਣ ਮੈਂ ਰੋ ਪਿਆ।
***
ਜਦ ਵੀ ਐਬਟਸਫ਼ੋਰਡ ਜਾਂਦਾ ਹਾਂ, ਰਾਈਆਂ ਵਾਲੇ ਦੇ ਚਾਵਲੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਬੰਤ ਅੰਕਲ ਦੇ ਫ਼ਾਰਮ ‘ਤੇ ਹੀ ਰੁਕਦਾ ਹਾਂ। ਜਹਾਜ਼ਾਂ ਅਤੇ ਜਹਾਜ਼ਣੀਆਂ ਨਾਲ ਗੱਲਾਂ ਕਰਦਾ ਹਾਂ। ਲਗਦੈ ਕਿ ਮੇਰੇ ਨੇੜੇ ਈ ਬੰਤ ਅੰਕਲ ਬੈਠਾ ਹੋਇਆ ਮੇਰੀ ਕਿਸੇ ਲੰਮੀ ਕਥਾ ਦਾ ਹੁੰਗਾਰਾ ਭਰੀ ਜਾ ਰਿਹੈ। ਕਦੇ ਤੂੰਬੀ ‘ਤੇ ਗੀਤ ਸੁਣਨ ਦੀ ਫ਼ਰਮਾਇਸ਼ ਕਰੀ ਜਾ ਰਿਹੈ। ਮੇਰੀ ਨੀਂਦ ਓਦੋਂ ਟੁਟਦੀ ਹੈ ਜਦ ਸੁਰਜੀਤ ਆਂਟੀ ਰੋਟੀ ਜਾਂ ਚਾਹ ਲਈ ਹਾਕ ਮਾਰਦੀ ਹੈ। ਡਰਾਇੰਗ ਰੂਮ ‘ਚ ਟੰਗੀ ਅੰਕਲ ਦੀ ਮੁਸਕਰਾਉਂਦੀ ਫ਼ੋਟੋ ਵੱਲ ਦੇਖਦਾ ਹਾਂ। ਆਪਣੇ ਹੰਝੂ ਪੂੰਝਦਿਆਂ ਬਾਹਰ ਉਤਰੇ ਕਿਸੇ ਨਵੇਂ ਜਹਾਜ਼ ਨੂੰ ਤੱਕਦਾ ਹਾਂ। ਫ਼ਾਰਮ ਦੇ ਰੁੱਖ ਅਤੇ ਪੰਛੀ ਬੰਤ ਅੰਕਲ ਨੂੰ ਮਿਸ ਕਰਦੇ ਜਾਪਦੇ ਨੇ।” ਆਂਟੀ, ਮੈਂ ਪਿੰਡ ਜਾਣੈ।” ਇਹ ਸੁਣ ਆਂਟੀ ਆਂਹਦੀ ਹੈ, ”ਉਦਾਸ ਨਾ ਹੋ ਪੁੱਤ, ਏਹ ਸੰਸਾਰ ਆਵਾਜਾਈ ਐ, ਏਹ ਸੰਸਾਰ ਇੱਕ ਏਅਰ ਪੋਰਟ ਵਾਂਗ ਐ, ਅਹੁ ਵੇਖ, ਕੋਈ ਆ ਰਿਹੈ, ਕੋਈ ਜਾ ਰਿਹੈ, ਕੋਈ ਅੰਤ ਨਹੀਂ, ਕੋਈ ਲੇਖਾ ਨਹੀਂ, ਤੂੰ ਮਸਾਂ ਤਾਂ ਆਇਆ ਐਂ ਕੈਨੇਡਾ, ਤੇ ਹੁਣ ਜਾਣ ਨੂੰ ਕਾਹਲਾ ਪੈ ਗਿਆ ਤੂੰ, ਚਾਹ ਪੀ ਕੇ ਸੌਂਜਾ, ਮਨ ਟਿਕਜੂ ਤੇਰਾ ਪੁੱਤ।”
ਚਾਹ ਵਾਲਾ ਖਾਲੀ ਕੱਪ ਰੱਖ ਮੈਂ ਆਪਣੀ ਡਾਇਰੀ ਦੇ ਇਹ ਪੰਨੇ ਲਿਖਣ ਬਹਿ ਗਿਆ ਹਾਂ।