ਰੇਡੀਓ ਦੀਆਂ ਯਾਦਾਂ – 33

ਨਾਨਕ ਸਿੰਘ ਦੀ ਕੱਲੋ
ਡਾ.ਦੇਵਿੰਦਰ ਮਹਿੰਦਰੂ
ਕੋਈ ਨਹੀਂ ਦੱਸ ਰਿਹਾ, ਕੀ ਹੋ ਗਿਆ ਤੁਹਾਨੂੰ ਸਭ ਨੂੰ? ਵੇ ਕਿੱਥੇ ਤੋਰ ਦਿੱਤਾ ਤੁਸੀਂ ਮੇਰੀ ਦੀਦੀ ਨੂੰ? ਨਹੀਂ ਮੈਂ ਨਹੀਂ ਚਾਹੁੰਦੀ ਲਿਖਣਾ ਕਰੋਨਾ ‘ਤੇ ਕੁੱਝ, ਪਰ ਮੇਰੇ ਚਾਹੁਣ ਨਾ ਚਾਹੁਣ ਨਾਲ ਕੀ ਹੁੰਦਾ ਹੈ! ਤੁਸੀਂ ਤਾਂ ਕਿਹਾ ਸੀ ਕਿ ਦੀਦੀ, ਅਗਲੀ ਵਾਰ ਤੇਰੇ ਨਾਲ ਜਾਵਾਂਗੀ ਸ਼ਿਮਲਾ। ਉਹ ਵਾਰੀ ਤਾਂ ਆਈ ਹੀ ਨਹੀਂ, ਪਿਛਲੀ ਵਾਰੀ ਤੁਹਾਨੂੰ ਮਿਲਣ ਆਈ, ਗੇਟ ‘ਤੇ ਪਹੁੰਚੀ ਤਾਂ ਘਰੋਂ ਫ਼ੋਨ ਆ ਗਿਆ ਕਿ ਇਨ੍ਹਾਂ ਦੀ ਤਬੀਅਤ ਬਹੁਤ ਵਿਗੜ ਗਈ ਸੀ। ਉੱਥੋਂ ਹੀ ਮੁੜ ਆਈ। ਫ਼ੇਰ ਤਾਂ ਚਾਰ ਹੀ ਦਿਨ ਕੱਟੇ ਬੱਸ। ਸਾਲ ਹੋਣ ਲੱਗਿਐ! ਬੜੀ ਮੁਸ਼ਕਿਲ ਘਰੋਂ ਨਿਕਲੀ ਉਸ ਦਿਨ। ਜੱਕੋ ਤੱਕੀਆਂ ‘ਚ ਤੁਹਾਡੇ ਘਰ ਦੇ ਦਰਵਾਜ਼ੇ ‘ਤੇ ਪਹੁੰਚੀ, ਪਰ ਉੱਥੇ ਤਾਂ ਤਾਲਾ ਸੀ। ਚੌਕੀਦਾਰ ਨੂੰ ਪੁੱਛਿਆ, ਉਹ ਮੇਰੇ ਮੂੰਹ ਵੱਲ ਦੇਖਦਾ ਰਿਹਾ, ”ਤੁਹਾਨੂੰ ਪਤਾ ਨਹੀਂ? ਉਨ੍ਹਾਂ ਨੂੰ ਤਾਂ ਛੇ ਮਹੀਨੇ ਹੋ ਗਏ ਨੇ।”
ਦਫ਼ਤਰ ਆ ਕੇ ਫ਼ੋਨ ਮਿਲਾਇਆ, ਕਿਸੇ ਨੂੰ ਕੁਛ ਪਤਾ ਨਹੀਂ ਸੀ। ਕੋਈ ਦੋ ਸਾਲ ਪਹਿਲਾਂ ਦਾ ਵੇਰਵਾ ਦੇ ਰਿਹਾ ਸੀ, ਸਾਲ ਪਹਿਲਾਂ ਦਾ ਕਰੋਨਾ ਕਿੰਨੀ ਬੁਰੀ ਤਰ੍ਹਾਂ ਨੰਗਾ ਕਰ ਗਿਆ ਸੀ ਸਾਨੂੰ। ਜੋ ਦਿਖਾਵੇ ਅਸੀਂ ਕਰ ਰਹੇ ਸੀ, ਉਹ ਛੁੱਟ ਗਏ ਸਨ। ਪਤਾ ਲੱਗ ਗਿਆ, ਕਿਸੇ ਨੂੰ ਕਿਸੇ ਦੀ ਪ੍ਰਵਾਹ ਨਹੀਂ, ਕੋਈ ਜੀਵੇ ਯਾ ਮਰੇ, ਚਿੜੀ ਵਿਚਾਰੀ ਕੀ ਕਰੇ। ਦੋ ਸਾਲ ਪਹਿਲਾਂ ਰੋਂਦੇ ਰੋਂਦੇ ਲਿਖਿਆ ਸੀ, ”ਚਿੜੀ ਵਿਚਾਰੀ ਕੀ ਕਰੇ।” ਨਹੀਂ, ਉਸ ਤੋਂ ਅਗਲੀ ਪੰਕਤੀ ਨਹੀਂ ਸੀ ਲਿਖ ਸਕੀ। ਮੇਰਾ ਮਨ ਭਾਣਾ ਮੰਨਣ ਨੂੰ ਤਿਆਰ ਹੀ ਨਹੀਂ ਸੀ।
ਇਸ ਨੂੰ ਪੜ੍ਹਕੇ ਗੁਲ ਚੌਹਾਨ ਨੇ ਲਿਖਿਆ, ”ਸ਼ਬਦਾਂ ਦੀ ਸੀਮਾ ਕਈ ਵਾਰ ਬੜੀ ਤਕਲੀਫ਼ਦੇਹ ਹੁੰਦੀ ਹੈ।” ਦੂਜੀ ਗੱਲ ਗੁਲ ਨੇ ਇਹ ਲਿਖੀ ਸੀ, ”ਇਸ ਕਵਿਤਾ ਵਿੱਚ ਕਵੀ ਨੇ ਆਪਣੀਆਂ ਭਾਵਨਾਵਾਂ ਨੂੰ ਇੰਨੇ ਗਾਹੜੇ ਅਤੇ ਸੱਚੇ ਸੁੱਚੇ ਅਤੇ ਸੰਖੇਪ ਸ਼ਬਦਾਂ ‘ਚ ਕਿਹਾ ਹੈ ਕਿ ਪਾਠਕ ਕੋਲ ਇਸ ਕਵਿਤਾ ‘ਚੋਂ ਲੰਘ ਜਾਣ ਬਾਅਦ ਕੁੱਝ ਕਹਿਣ ਜੋਗਾ ਬਚਦਾ ਹੀ ਨਹੀਂ, ਮੇਰੇ ਨਾਲ ਤਾਂ ਇੰਝ ਦਾ ਹੀ ਕੁੱਝ ਹੋਇਆ, ਇਹੀ ਇਸ ਕਵਿਤਾ ਅਤੇ ਇਸ ਦੇ ਕਵੀ ਦਾ ਸਤਿਕਾਰ ਹੈ।” ਇਸ ਸਤਿਕਾਰ ਲਈ ਸ਼ੁਕਰੀਆ ਗੁਲ।
ਉਸ ਵੇਲੇ ਮੈਂ ਬਹੁਤ ਦਰਦ ‘ਚੋਂ ਲੰਘ ਰਹੀ ਸੀ। ਸ਼ਿਮਲਾ ਤੋਂ ਆਈ ਸਾਂ। ਸਾਲ ਹੋ ਗਿਆ ਸੀ ਪਤੀ ਨੂੰ ਗਿਆਂ। ਬੜੀ ਹਿੰਮਤ ਇਕੱਠੀ ਕਰ ਕੇ ਪ੍ਰਕਾਸ਼ ਢਿੱਲੋਂ ਦੀਦੀ ਦੇ ਘਰ ਗਈ। ਸੋਚਿਆ ਨਹੀਂ ਕੋਈ ਆਇਆ ਗਿਆ ਹੋਣਾ। ਮੈਂ ਜਾ ਆਉਂਦੀ ਹਾਂ। ਦੁੱਖ ਸੁੱਖ ਹੀ ਕਰਨਾ ਹੈ। ਉਹ ਆਏ, ਜਾਂ ਮੈਂ ਗਈ, ਕੀ ਫ਼ਰਕ ਪੈਂਦੈ। ਤੇ ਪ੍ਰਕਾਸ਼ ਦੀਦੀ ਤਾਂ ਸਭ ਤੋਂ ਅੱਗੇ ਹੁੰਦੇ ਸਨ, ਦੁੱਖ ਸਾਂਝਾ ਕਰਨ ਵਿੱਚ ਤਾਂ ਖ਼ਾਸ ਤੌਰ ‘ਤੇ ਅੱਗੇ। ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਸਨ। ਅਤੇ ਘਰ ਨੂੰ ਲੱਗਿਆ ਜਿੰਦਾ, ਸੋਚਿਆ ਕਿਸੇ ਰਿਸ਼ਤੇਦਾਰੀ ‘ਚ ਗਏ ਹੋਣੇ ਨੇ।
ਚੌਕੀਦਾਰ ਨੂੰ ਪੁੱਛਦੀ ਹਾਂ, ਕਦੋਂ ਵਾਪਿਸ ਆਉਣਾ ਹੈ? ਮੈਂ ਦੋਬਾਰਾ ਆ ਜਾਵਾਂਗੀ। ਜੋ ਚੌਕੀਦਾਰ ਨੇ ਕਿਹਾ ਉਸ ‘ਤੇ ਯਕੀਨ ਨਹੀਂ ਕਰ ਸਕੀ। ਦਫ਼ਤਰ ਫ਼ੋਨ ਕੀਤਾ। ਸਾਰੇ ਅਣਭਿੱਜ ਸਨ। ਕੁੱਝ ਦਿਨ ਪਹਿਲਾਂ ਕਰਮਵੀਰ ਸਿੰਘ ਸੂਰੀ ਨੇ ਜਿਹੜੀ ਫ਼ੋਟੋ ਸ਼ੇਅਰ ਕੀਤੀ ਸੀ ਨਾਨਕ ਸਿੰਘ ਅਤੇ ਰੇਡੀਓ ਦੇ ਸਟੂਡੀਓ ਦੀ, ਉਹਨੇ ਫ਼ੇਰ ਲੜੀ ਜੋੜ ਦਿੱਤੀ ਜਾ ਕੇ ਪ੍ਰਕਾਸ਼ ਢਿੱਲੋਂ ਦੀਦੀ ਨਾਲ। ਕਥਾ ਲੋਕ ਪ੍ਰੋਗਰਾਮ ‘ਚ ਕਈ ਕਹਾਣੀਆਂ ਨਾਨਕ ਸਿੰਘ ਜੀ ਦੀਆਂ ਡਰਾਮਾਟਾਈਜ਼ ਕੀਤੀਆਂ ਸਨ ਮੈਂ। ਭੂਆ, ਕੱਲੋ ਅਤੇ ਹੋਰ ਵੀ ਬਹੁਤ ਸਾਰੀਆਂ। ਕੱਲੋ ਲਈ ਇੱਕ ਤੇਜ਼ ਤਰਾਰ ਆਵਾਜ਼ ਚਾਹੀਦੀ ਸੀ। ਪ੍ਰਕਾਸ਼ ਦੀਦੀ ਦੀ ਆਵਾਜ਼ ਨਾਲੋਂ ਤੇਜ਼ ਆਵਾਜ਼ ਕੀਹਦੀ ਹੋ ਸਕਦੀ ਸੀ? ਮਨਾਉਣਾ ਪਿਆ ਸੀ ਉਨ੍ਹਾਂ ਨੂੰ ਰੋਲ ਕਰਨ ਲਈ। ਕਾਫ਼ੀ ਪਹਿਲਾਂ ਉਨ੍ਹਾਂ ਛੱਡ ਦਿੱਤਾ ਸੀ ਰੇਡੀਓ ਦੇ ਨਾਟਕਾਂ ‘ਚ ਭਾਗ ਲੈਣਾ। ਕਿੰਨੀ ਪਿਆਰੀ ਕਹਾਣੀ ਲਿਖੀ ਹੈ ਨਾਨਕ ਸਿੰਘ ਜੀ ਨੇ। ਕੱਲੋ ਕਿਵੇਂ ਬਦਲ ਜਾਂਦੀ ਹੈ ਪਿਆਰ ਨਾਲ ਪੇਸ਼ ਆਉਣ ਤੋਂ ਬਾਅਦ। ਪਿਆਰ ਕਿਵੇਂ ਬਦਲ ਦਿੰਦਾ ਹੈ ਇਨਸਾਨ ਨੂੰ। ਯਾਦਾਂ ਦੇ ਝੁਰਮਟ ਪਏ ਹੋਏ ਨੇ ਇਹ ਪੰਨੇ ਲਿਖਦਿਆਂ।