ਚੰਡੀਗੜ੍ਹ: ਪੰਜਾਬੀ ਲੇਖਕ, ਸੀਨੀਅਰ ਪੱਤਰਕਾਰ ਅਤੇ ਕਾਲਮਨਵੀਸ ਹਰਬੀਰ ਸਿੰਘ ਭੰਵਰ ਨਹੀਂ ਰਹੇ। ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ DMC ਹਸਪਤਾਲ ਲੁਧਿਆਣਾ ‘ਚ ਆਖ਼ਰੀ ਸਾਹ ਲਏ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਉਨਾਂ ਦੀ ਮੌਤ ਉਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਹੈ। ਡਾ. ਪਾਤਰ ਨੇ ਆਪਣੇ ਸ਼ੋਕ ਸੰਦੇਸ਼ ‘ਚ ਕਿਹਾ ਕਿ ਭੰਵਰ ਜੀ ਦੀਆਂ ਪ੍ਰਸਿੱਧ ਲਿਖਤਾਂ ‘ਚ ਡਾਇਰੀ ਦੇ ਪੰਨੇ, ਧਰਮ ਯੁੱਧ ਮੋਰਚਾ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ, ਨੋਰਾ ਰਿਚਰਡਜ਼ ਅਤੇ ਸੋਭਾ ਸਿੰਘ ਬਾਰੇ ਲੇਖ ਆਦਿ ਪਾਠਕਾਂ ਵਲੋਂ ਬਹੁਤ ਸਲਾਹੇ ਗਏ। ਡਾ. ਪਾਤਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ ਅਤੇ ਮਰਹੂਮ ਭੰਵਰ ਨੂੰ ਇੱਕ ਸਾਊ ਮਨੁੱਖ ਆਖਿਆ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਆਖਿਆ ਕਿ ਭੰਵਰ ਜੀ ਦੀ ਲਿਖਤ ਉਨਾਂ ਦੀ ਸ਼ਖ਼ਸੀਅਤ ਵਾਂਗ ਸਾਦਗੀ ਭਰੀ ਪਰ ਡੂੰਘੀ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ।
ਹਰਬੀਰ ਸਿੰਘ ਭੰਵਰ 84 ਸਾਲਾਂ ਦੇ ਸਨ। ਉਹ ਸੋਭਾ ਸਿੰਘ ਆਰਟਿਸਟ ਦੇ ਜਵਾਈ ਸੀ ਅਤੇ ਪਾਲਮਪੁਰ ਯੂਨੀਵਰਸਿਟੀ ਦੇ ਹਿਰਦੇਪਾਲ ਸਿੰਘ ਦੇ ਪਿਤਾ ਸਨ। ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਉਨਾਂ ਦੇ ਦਿਹਾਂਤ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਾਫ਼ ਸੁਥਰੀ ਪੱਤਰਕਾਰੀ ਅਤੇ ਵਾਰਤਕ ਕਲਾ ਨੂੰ ਇੱਕ ਵੱਡਾ ਘਾਟਾ ਪਿਆ ਹੈ। ਉਹ ਦਾ ਟ੍ਰਿਬਿਊਨ, BBC, ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਲਈ ਕੰਮ ਕਰਦੇ ਰਹੇ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਵੀ ਅਕਾਦਮੀ ਵਲੋਂ ਡਾ. ਭੰਵਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਰਿਸ਼ਦ ਦੇ ਮੀਡੀਆ ਕੋਔਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਹਰਬੀਰ ਸਿੰਘ ਭੰਵਰ ਇੱਕ ਮਿਲਾਪੜੇ ਮਨੁੱਖ ਸਨ। ਉਨਾਂ ਨੇ ਆਪਣੀ ਕੇਨੈਡਾ ਯਾਤਰਾ ਬਾਰੇ ਇੱਕ ਕਿਤਾਬ ਵੀ ਲਿਖੀ ਸੀ।

















