ਕੇਜਰੀਵਾਲ ਪੁਲਸ ਮੁਲਾਜ਼ਮ ਦੀ ਹੱਤਿਆ ਦੇ ਦੋਸ਼ੀ ਨੂੰ ਮਿਲੇ, ਪੈਦਾ ਹੋਇਆ ਵਿਵਾਦ

7ਰਾਜਕੋਟ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪੁਲਸ ਕਾਂਸਟੇਬਲ ਦੇ ਕਥਿਤ ਕਾਤਲ ਦਲਿਤ ਨੌਜਵਾਨ ਨਾਲ ਮੁਲਾਕਾਤ ਕਰ ਕੇ ਸ਼ੁੱਕਰਵਾਰ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ। ਗ੍ਰਿਫਤਾਰ ਕੀਤੇ ਜਾ ਚੁੱਕੇ ਦਲਿਤ ਨੌਜਵਾਨ ‘ਤੇ ਦੋਸ਼ ਹੈ ਕਿ ਉਸ ਨੇ ਅਮਰੇਲੀ ‘ਚ ਇਕ ਪੁਲਸ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਸੀ। ਕੇਜਰੀਵਾਲ ਸਵੇਰੇ ਸਥਾਨਕ ਹਵਾਈ ਅੱਡੇ ‘ਤੇ ਪਹੁੰਚੇ ਅਤੇ ਉਥੋਂ ਸਿੱਧਾ ਸਰਕਾਰੀ ਹਸਪਤਾਲ ਗਏ ਅਤੇ ਊਨਾ ਕਾਂਡ ਦੇ ਦੋ ਦਲਿਤਾਂ ਨਾਲ ਮੁਲਾਕਾਤ ਕੀਤੀ। ਉਹ ਪੁਲਸ ਕਾਂਸਟੇਬਲ ਦੇ ਕਤਲ ਦੇ ਦੋਸ਼ੀ ਮੁਲਜੀਵਾਲਾ ਨੂੰ ਵੀ ਮਿਲੇ। ਮੁਲਜੀਵਾਲਾ ਦਾ ਵੀ ਉਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੇਜਰੀਵਾਲ ਨੇ ਕਤਲ ਦੇ ਦੋਸ਼ੀ ਨੂੰ ‘ਨਿਆਂ ਦੀ ਲੜਾਈ ਵਿਚ ਹਰ ਸੰਭਵ ਮਦਦ’ ਦੇਣ ਦਾ ਭਰੋਸਾ ਦਿੱਤਾ ਹੈ। ਉਂਝ ਮੁਲਜੀਵਾਲਾ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਨੂੰ ਉਸ ਨੇ ਕਤਲ ਨਹੀਂ ਕੀਤਾ ਸੀ।
ਕੇਜਰੀਵਾਲ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਤਲ ਦੇ ਦੋਸ਼ੀ ਨੂੰ ਕਿਉਂ ਮਿਲੇ ਤਾਂ ਉਨ੍ਹਾਂ ਸਿੱਧਾ ਜਵਾਬ ਨਹੀਂ ਦਿੱਤਾ, ਸਿਰਫ ਇੰਨਾ ਹੀ ਕਿਹਾ ਕਿ ਉਹ ਅਮਰੇਲੀ ਵਿਚ ਕਾਂਸਟੇਬਲ ਦੇ ਪਰਿਵਾਰ ਨੂੰ ਵੀ ਮਿਲਣਗੇ।
ਭਾਜਪਾ ਨੇ ਕੇਜਰੀਵਾਲ ਵਲੋਂ ਦੋਸ਼ੀ ਨਾਲ ਮੁਲਾਕਾਤ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਭਾਜਪਾ ਦੇ ਇਕ ਬੁਲਾਰੇ ਨੇ ਕਿਹਾ ਕਿ ਕੇਜਰੀਵਾਲ ਸਿਆਸੀ ਲਾਭ ਲੈਣ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਪਹਿਲਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਅਤੇ ਹੁਣ ਗੁਜਰਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।