ਡਾ. ਦੇਵਿੰਦਰ ਮਹਿੰਦਰੂ
ਚਿੱਠੀਆਂ ਰੇਡੀਓ ਦੀਆਂ
ਜਲੰਧਰ ਸਾਂ 1988 ਵਿੱਚ। ਬਿਜਲੀ ਬੋਰਡ ਪੰਜਾਬ ਦੇ ਚੇਅਰਮੈਨ ਸਨ ਬਸੰਤ ਸਾਹਿਬ। ਉਨ੍ਹਾਂ ਨਾਲ ਰੇਡੀਓ ਉਤੇ ਇੰਟਰਵਿਊ ਕਰਨ ਦੀ ਜ਼ਿੰਮੇਵਾਰੀ ਸਟੇਸ਼ਨ ਡਾਇਰੈਕਟਰ ਵਲੋਂ ਮੈਨੂੰ ਮਿਲੀ। ਮੇਰਾ ਇਹ ਪਹਿਲਾ ਹੀ ਅਨੁਭਵ ਸੀ ਕਿਉਂਕਿ ਓਦੋਂ ਤਕ ਕਿਸੇ ਖਾਸ ਵਿਅਕਤੀ ਨੂੰ ਇੰਟਰਵਿਊ ਨਹੀਂ ਸੀ ਕੀਤਾ ਮੈਂ। ਪੂਰੀ ਤਿਆਰੀ ਕੀਤੀ। ਠੀਕ ਹੋ ਗਈ ਰਿਕਾਰਡਿੰਗ। ਅਸਲੀ ਗੱਲ ਜਿਹੜੀ ਦੱਸਣੀ ਹੈਮ ਉਹ ਇਹ ਨਹੀਂ, ਮੇਰੇ ਪਿਤਾ ਬੀਮਾਰ ਹੋ ਗਏ, ਇਹ ਸਾਲ ਬੀਤਦੇ ਬੀਤਦੇ, ਉਨ੍ਹਾਂ ਦੇ ਅਖੀਰਲੇ ਦੋ ਮਹੀਨੇ ਮੈਂ ਨਾਲ ਹੀ ਰਹੀ ਪਿੰਡ ਉਨ੍ਹਾਂ ਕੋਲ। ਮੇਰਾ ਕੋਈ ਭੈਣ ਭਰਾ ਹੈ ਨਹੀਂ, ਅਤੇ ਮੈਂ ਆਪਣੇ ਪਿਤਾ ਨੂੰ ਉਸ ਅਵਸਥਾ ‘ਚ ਇਕੱਲੇ ਨਹੀਂ ਸੀ ਛੱਡਣਾ ਚਾਹੁੰਦੀ। ਸਰਦੀ ਉਸ ਸਾਲ ਇੰਨੀ ਕਿ ਵਰ੍ਹਿਆਂ ਦੇ ਰਿਕਾਰਡ ਟੁੱਟ ਗਏ। ਮੇਰੇ ਪਿੰਡ ਖੁਰਦ ਦੀ ਸਾਡੀ ਬੀਹੀ ਦੀ ਲਾਈਟ ਰੋਜ਼ ਹੀ ਖ਼ਰਾਬ ਰਿਹਾ ਕਰੇ। ਔਖੇ ਹੋ ਕੇ ਇੱਕ ਦਿਨ ਮੈਂ ਇੱਕ ਪੋਸਟ ਕਾਰਡ ‘ਤੇ ਬਿਜਲੀ ਦੀ ਸ਼ਿਕਾਇਤ ਲਿਖ ਕੇ, ਆਪਣਾ ਰੈਫ਼ਰੈਂਸ ਦਿੰਦੇ ਹੋਏ ਬਸੰਤ ਸਾਹਿਬ ਨੂੰ ਉਹ ਪੋਸਟ ਕਾਰਡ ਭੇਜ ਦਿੱਤਾ।
ਚਾਰ ਪੰਜ ਦਿਨ ਬਾਅਦ ਹੱਟਾਂ ਮੂਹਰੇ ਇੱਕ ਜੀਪ ਆ ਕੇ ਰੁਕੀ, ਅਤੇ ਉਹਦੇ ‘ਚੋਂ ਉਤਰ ਕੇ ਦੋ ਤਿੰਨ ਬੰਦਿਆਂ ਨੇ ਸਾਡੇ ਘਰ ਦਾ ਰਸਤਾ ਪੁੱਛਿਆ। ਜੀਪ ‘ਚ ਮੋਟੀਆਂ ਮੋਟੀਆਂ ਤਾਰਾਂ ਦੇ ਵੱਡੇ-ਵੱਡੇ ਰੋਲ ਭਰੇ ਹੋਏ ਸਨ। ਮੈਂ ਬਾਹਰ ਨਿੱਕਲ ਕੇ ਦੇਖਿਆ ਉਨ੍ਹਾਂ ਨੇ ਠਾਹ -ਠਾਹ ਰੋਲ ਹੇਠਾਂ ਸਿੱਟੇ ਅਤੇ ਤਾਰਾਂ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਲਾਈਟ ਠੀਕ ਹੋ ਗਈ। ਪਿੰਡ ਦੇ ਲੋਕ ਅੱਜ ਵੀ ਉਸ ਗੱਲ ਨੂੰ ਯਾਦ ਕਰਦੇ ਨੇ। ਮੈਂ ਆਪਣੇ ਮਨ ਦੀ ਤਸੱਲੀ ਲਈ ਸ਼ਿਕਾਇਤ ਭੇਜ ਤਾਂ ਦਿੱਤੀ ਸੀ, ਪਰ ਮੈਨੂੰ ਸੁਣਵਾਈ ਦੀ ਕੋਈ ਉਮੀਦ ਨਹੀਂ ਸੀ। ਹੁੰਦੇ ਨੇ ਦੁਨੀਆਂ ਵਿੱਚ ਅਜਿਹੇ ਅਫ਼ਸਰ ਜਿਹੜੇ ਲੋਕ ਸੇਵਾ ਨੂੰ ਆਪਣਾ ਧਰਮ ਸਮਝਦੇ ਹਨ। ਇਹ ਗੱਲ ਸੁਣਾਉਣੀ ਸੀ ਤੁਹਾਨੂੰ।
ਕੇਂਦਰ ਨਿਰਦੇਸ਼ਕ ਰਾਜਿੰਦਰ ਪ੍ਰਸਾਦ ਸਨ ਉਨ੍ਹੀਂ ਦਿਨੀਂ। ਇੱਕ ਮਿਸਟਰ ਸੂਰੀ ਹਰ ਹਫ਼ਤੇ ਇੱਕ ਸ਼ਿਕਾਇਤ ਦੀ ਚਿੱਠੀ ਲਿਖ ਦਿੰਦੇ ਸਨ ਉਨ੍ਹਾਂ ਨੂੰ ਕਿ ਮੈਂ ਉਨ੍ਹਾਂ ਨੂੰ ਪੰਜਾਬੀ ਪ੍ਰੋਗਰਾਮਾਂ ‘ਚ ਬੁੱਕ ਨਹੀਂ ਕਰ ਰਹੀ। ਰਾਜਿੰਦਰ ਪ੍ਰਸਾਦ ਜੀ ਬਿਨਾਂ ਕੌਮੈਂਟ ਲਿਖੇ ਚਿੱਠੀ ਮੈਨੂੰ ਮਾਰਕ ਕਰ ਦਿੰਦੇ ਸਨ। ਉਹ ਗੋਰਖਪੁਰ ਤੋਂ ਸਨ ਅਤੇ ਪੰਜਾਬੀ ਉਨ੍ਹਾਂ ਨੂੰ ਪੜ੍ਹਨੀ ਆਉਂਦੀ ਨਹੀਂ ਸੀ। ਮੇਰੇ ਕੋਲ ਦਸ ਪੰਦਰਾਂ ਚਿੱਠੀਆਂ ਸੂਰੀ ਸਾਹਿਬ ਦੀਆਂ ਇਕੱਠੀਆਂ ਹੋ ਗਈਆਂ। ਇੱਕ ਦਿਨ, ਇੱਕ ਵੱਡੇ ਸਾਰੇ ਲਿਫ਼ਾਫ਼ੇ ਵਿੱਚ ਸਾਰੀਆਂ ਚਿੱਠੀਆਂ ਪਾ ਕੇ ਮੈਂ ਇੱਕ ਚਿਟ ਲਿਖ ਕੇ ਪਾ ਦਿੱਤੀ ਕਿ ਸੂਰੀ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਪੰਜਾਬੀ ਨਹੀਂ ਪੜ੍ਹ ਸਕਦੇ। ਉਹ ਇਹ ਚਿੱਠੀਆਂ ਮੇਰੇ ਕੋਲ ਭੇਜ ਦਿੰਦੇ ਹਨ। ਇਹ ਵੀ ਲਿਖਿਆ ਕਿ ਜੇ ਮੇਰੀ ਸ਼ਿਕਾਇਤ ਕਰਨੀ ਹੈ ਤਾਂ ਚਿੱਠੀ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖਿਆ ਕਰੋ ਤਾਂ ਕਿ ਉਹ ਇੰਨ੍ਹਾਂ ਸ਼ਿਕਾਇਤਾਂ ਨੂੰ ਪੜ੍ਹ ਕੇ ਮੇਰੇ ਖਿਲਾਫ਼ ਕੋਈ ਕਾਰਵਾਈ ਕਰ ਸਕਣ। ਅੱਗੋਂ ਇਹ ਵੀ ਲਿਖਿਆ ਕਿ ਬੁਕਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਕੁਝ ਅੱਛੀਆਂ ਰਚਨਾਵਾਂ ਭੇਜੋ ਸਾਨੂੰ। ਅਤੇ ਲਿਫ਼ਾਫ਼ਾ ਉਨ੍ਹਾਂ ਨੂੰ ਡਾਕ ਰਾਹੀਂ ਭੇਜ ਦਿੱਤਾ।
ਸੂਰੀ ਸਾਹਿਬ ਨੇ ਰਚਨਾਵਾਂ ਭੇਜੀਆਂ ਉਸ ਤੋਂ ਬਾਅਦ। ਉਨ੍ਹਾਂ ਨੂੰ ਰਿਕਾਰਡਿੰਗ ਲਈ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਉਹ ਮੇਰੀ ਚਿੱਟ ਪੜ੍ਹਕੇ ਬਹੁਤ ਹੱਸੇ। ਚਿੱਠੀਆਂ ਤਾਂ ਮੈਨੂੰ ਅਤਿਵਾਦੀਆਂ ਦੀਆਂ ਵੀ ਬਹੁਤ ਆਈਆਂ ਜਲੰਧਰ ਰੇਡੀਓ ਦੀ ਨੌਕਰੀ ਦੌਰਾਨ। (ਇੰਨ੍ਹਾਂ ਬਾਰੇ ਕਦੇ ਫ਼ੇਰ ਗੱਲ ਕਰਾਂਗੇ। )
ਸੰਤੋਸ਼ ਮਿਸਰਾ ਜੀ ਕੁਦਰਤ ਦੇ ਸਭ ਬੰਦੇ ਪ੍ਰੋਗਰਾਮ ਵਿੱਚ ਮੈਨੂੰ ਕਦੇ ਕਦੇ ਗੁਰਬਾਣੀ ਦੀ ਵਿਆਖਿਆ ਲਈ ਬੁਲਾ ਲੈਂਦੇ ਸਨ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਇਸ ਪ੍ਰੋਗਰਾਮ ਵਿੱਚ ਰਾਗੀ ਜੱਥੇ ਦੇ ਸ਼ਬਦ ਤੋਂ ਬਾਅਦ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ। ਜਿਸ ਹਫ਼ਤੇ ਦੂਰਦਰਸ਼ਨ ਜਲੰਧਰ ਦੇ ਇਸ ਪ੍ਰੋਗਰਾਮ ਵਿੱਚ ਮੈਂ ਵਿਆਖਿਆ ਕਰਦੀ ਸੀ, ਉਸ ਹਫ਼ਤੇ ਰੇਡੀਓ ਦੀ ਮੇਰੀ ਡਾਕ ਚਾਰ ਗੁਣਾਂ ਵੱਧ ਜਾਂਦੀ ਸੀ। ਅੱਛਾ ਲੱਗਦਾ ਸੀ।
ਚਿੱਠੀਆਂ ਦੀ ਆਪਣੀ ਸ਼ੋਭਾ ਅਤੇ ਆਪਣਾ ਸਵਾਦ ਜਿਸ ਦਾ ਮੁਕਾਬਲਾ ਕੋਈ ਨਹੀਂ। ਕੁਝ ਲੋਕ ਇੰਨੀ ਸੋਹਣੀ ਲਿਖਾਈ ਕਰਦੇ ਹਨ ਕਿ ਸਾਧਾਰਨ ਜਿਹੀ ਗੱਲ ਵੀ ਪਿਆਰੀ ਪਿਆਰੀ ਲੱਗਣ ਲੱਗ ਪੈਂਦੀ ਹੈ। ਰੇਡੀਓ ‘ਚ ਵੈਸੇ ਤਾਂ ਜ਼ਿਆਦਾ ਚਿੱਠੀਆਂ ਫ਼ਰਮਾਇਸ਼ ਲਈ ਹੀ ਆਉਂਦੀਆਂ ਸਨ, ਪਰ ਕੁਝ ਗੰਭੀਰ ਕਿਸਮ ਦੇ ਸਰੋਤੇ ਪ੍ਰੋਗਰਾਮਾਂ ਦੀ ਸਮੀਖਿਆ ਬੜੇ ਦਿਲ ਨਾਲ ਅ ਤੇ ਵਕਤ ਕੱਢਕੇ ਲਿਖ ਕੇ ਭੇਜਦੇ ਸਨ। ਇਹ ਸਾਡੇ ਲਈ ਕਿਸੇ ਸਰਮਾਏ ਤੋਂ ਘੱਟ ਨਹੀਂ ਸੀ ਹੁੰਦਾ, ਅਤੇ ਅਜਿਹੀਆਂ ਚਿੱਠੀਆਂ ਫ਼ਾਈਲਾਂ ਵਿੱਚ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ। ਅਜਿਹੀ ਇੱਕ ਚਿੱਠੀ ਦਾ ਜ਼ਿਕਰ ਜਰੂਰ ਕਰਨਾ ਚਾਹਾਂਗੀ। ਕੁਦਰਤ ਦੇ ਸਭ ਬੰਦੇ ਪ੍ਰੋਗਰਾਮ ਵਿੱਚ ਇੱਕ ਸ਼ਬਦ ਦੀ ਵਿਆਖਿਆ ਕਰਦੇ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਿੱਤਰ ਨਾਟਕ ‘ਚੋਂ ਕੁਝ ਪੰਕਤੀਆਂ ਬੋਲੀਆਂ:
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਉ ਜਗਤ ਤਮਾਸਾ … ਇੱਕ ਸਰੋਤਾ, ਜਿਸ ਨੇ ਇਹ ਪ੍ਰੋਗਰਾਮ ਦੇਖਿਆ ਸੀ, ਨੇ ਲੰਬੀ ਚਿੱਠੀ ਲਿਖੀ ਕਿ ਤੁਹਾਨੂੰ ਬੋਲਦਿਆਂ ਸੁਣਦੇ ਮੈਂ ਡਰ ਰਿਹਾ ਸੀ ਕਿ ਕਿਤੇ ਤਮਾਸ਼ਾ ਤਾਂ ਨਹੀਂ ਬੋਲ ਦੇਵੋਗੇ, ਪਰ ਸਹੀ ਉਚਾਰਨ ਸੁਣ ਕੇ ਬਹੁਤ ਅੱਛਾ ਲੱਗਿਆ ਅਤੇ ਆਦਰ ਸਹਿਤ ਇਹ ਚਿੱਠੀ ਤੁਹਾਨੂੰ ਲਿਖ ਰਿਹਾ ਹਾਂ। ਪੰਜਾਬੀ ਦੀ ਜਾਣੀ ਮਾਣੀ ਲੇਖਿਕਾ ਬਚਿੰਤ ਕੌਰ ਆਪਣੀ ਸਾਹਿਤਕ ਜੀਵਨੀ ਦਸਤੂਰ – ਏ- ਜ਼ਿੰਦਗੀ ਵਿੱਚ ਦਿੱਲੀ ਰੇਡੀਓ ਤੋਂ ਅੰਮ੍ਰਿਤਾ ਪ੍ਰੀਤਮ ਦੁਆਰਾ ਸਰੋਤਿਆਂ ਦੇ ਖ਼ਤਾਂ ਦੇ ਜਵਾਬ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਇੱਕ ਵਾਰ ਉਹ ਇਸ ਪ੍ਰੋਗਰਾਮ ਵਾਸਤੇ ਚਿੱਠੀ ਲਿਖਕੇ ਅੰਮ੍ਰਿਤਾ ਪ੍ਰੀਤਮ ਦੇ ਘਰ ਹੀ ਚਲੇ ਗਏ ਚਿੱਠੀ ਦੇਣ। ਅੰਦਰ ਲੰਘਦੇ ਸਾਰ ਪਹਿਲੇ ਹੀ ਕਮਰੇ ‘ਚ ਅੰਮ੍ਰਿਤਾ ਜੀ ਦੇ ਨਾਲ ਸੰਤ ਸਿੰਘ ਸੇਖੋਂ ਅਤੇ ਇੱਕ ਦੋ ਹੋਰ ਲੇਖਕ ਬੈਠੇ ਨਜ਼ਰੀਂ ਪੈ ਗਏ। ਬਚਿੰਤ ਕੌਰ ਅੱਗੇ ਲਿਖਦੇ ਹਨ ਕਿ ਅੰਮ੍ਰਿਤਾ ਜੀ ਨੇ ਖ਼ਤ ਬੜੇ ਪਿਆਰ ਨਾਲ ਮੇਰੇ ਹੱਥੋਂ ਫ਼ੜ ਲਿਆ, ਅਤੇ ਗੀਤ ਸੁਣਾਉਣ ਦਾ ਕੌਲ ਪੱਕਾ ਕੀਤਾ। ਸੋ, ਅਜਿਹਾ ਹੁੰਦਾ ਹੈ ਕਰੇਜ਼ ਰੇਡੀਓ ਤੋਂ ਆਪਣੀ ਚਿੱਠੀ ਦਾ ਜਵਾਬ ਸੁਣਨ ਦਾ। ਅਤੇ ਚਿੱਠੀਆਂ ਦੇ ਜਵਾਬ ਜਦੋਂ ਅੰਮ੍ਰਿਤਾ ਪ੍ਰੀਤਮ ਦੇ ਰਹੇ ਹੁੰਦੇ ਸਨ ਰੇਡੀਓ ਤੋਂ, ਉਹ ਦਿਨ ਕੀ ਦਿਨ ਹੁੰਦੇ ਹੋਣਗੇ, ਇਹ ਉਹ ਦਿਨ ਹੀ ਜਾਣਦੇ ਸਨ ਜਾਂ ਸਾਡੇ ਸਰੋਤੇ ਜਾਣਦੇ ਨੇ। ਅਨੋਖੇ ਅਤੇ ਰਮਣੀਕ ਦਿਨ ਸਨ ਰੇਡੀਓ ਦੀ ਨੌਕਰੀ ਅਤੇ ਯਾਦਾਂ ਨਾਲ ਭਰੇ ਭੁਕੰਨੇ!















