ਚੰਡੀਗੜ੍ਹ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸ਼ਰਾਬ ਮਾਫ਼ੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਕਹੀ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਰਾਬ ਮਾਫ਼ੀਆ ਦਾ ਸਫ਼ਾਇਆ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਮਾਫ਼ੀਆ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਨਵੀਂ ਆਬਕਾਰੀ ਨੀਤੀ ਲੈ ਕੇ ਆਈ ਹੈ, ਜਿਸ ਨਾਲ ਰੈਵੇਨਿਊ ’ਚ ਬਹੁਤ ਵਾਧਾ ਹੋਇਆ। ਚੀਮਾ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਰਾਹੀਂ ਪੰਜਾਬ ਸਰਕਾਰ ਦੇ ਖ਼ਜ਼ਾਨੇ ’ਚ 1170 ਕਰੋੜ ਤੋਂ ਵੱਧ ਦਾ ਰੈਵੇਨਿਊ ਆਇਆ ਹੈ।
ਹਰਪਾਲ ਚੀਮਾ ਨੇ ਕਿਹਾ ਕਿ 2021 ਅਪ੍ਰੈਲ ਤੋਂ ਅਕਤੂਬਰ ਤੱਕ 3110 ਕਰੋੜ ਕਮਾਏ ਗਏ ਸਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲੀ ਤਿਮਾਹੀ ‘ਚ ਕੁਲ 4280 ਕਰੋੜ ਰੁਪਏ ਕਮਾਏ ਗਏ। ਪੰਜਾਬ ਸਰਕਾਰ ਦਾ ਸਲਾਨਾ ਟੀਚਾ 9000 ਕਰੋੜ ਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ‘ਚ ਜੇ ਮਹਿਜ਼ 7% ਨਾਲ ਹਿਸਾਬ ਲਾਈਏ ਤਾਂ ਹੁਣ ਤੱਕ ਸ਼ਰਾਬ ਮਾਫ਼ੀਆ ਨੇ 22526 ਕਰੋੜ ਦਾ ਘਾਟਾ ਪੰਜਾਬ ਨੂੰ ਹੋਇਆ ਹੈ।















