ਖੜਗੇ ਦੇ ਨਿਵਾਸ ‘ਤੇ ਸੰਕੇਤਕ ਸੰਸਦ ਦਾ ਆਯੋਜਨ, ‘ਵਿਰੋਧੀ ਧਿਰ ਦੀ ਸੰਸਦ’ ‘ਚ CEC ਖ਼ਿਲਾਫ਼ ‘ਲੋਕ ਮਹਾਦੋਸ਼’

ਨਵੀਂ ਦਿੱਲੀ – ਦਿੱਲੀ ਵਿਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਸੰਕੇਤਕ ਸੰਸਦ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਾਬਕਾ ਸਪੀਕਰ ਮੀਰਾ ਕੁਮਾਰ ਨੇ ਕੀਤੀ। ਵਿਰੋਧੀ ਗੱਠਜੋੜ ‘ਇੰਡੀਆ’ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ‘ਰਾਸ਼ਟਰੀ ਅਤੇ ਸੂਬਿਆਂ ਦੀਆਂ ਚੋਣਾਂ ਚੋਰੀ ਕਰਨ ਲਈ ਭਾਜਪਾ ਵੱਲੋਂ ਰਚੀ ਗਈ ਅਪਰਾਧਿਕ ਸਾਜ਼ਿਸ਼’ ਵਿਚ ਹਿੱਸਾ ਲਿਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਗਿਆਨੇਸ਼ ਨੂੰ ਮੁਲਜ਼ਮ ਬਣਾਉਣ ਸਬੰਧੀ ‘ਮਤਾ’ ਸੰਕੇਤਕ ‘ਲੋਕ-ਮਹਾਦੋਸ਼’ ਪ੍ਰੋਗਰਾਮ ਵਿਚ ਰੱਖਿਆ। ਵਿਰੋਧੀ ਧਿਰ ਨੇ ਚੋਣ ਬੇਨਿਯਮੀਆਂ ਅਤੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ ਇਹ ਪ੍ਰੋਗਰਾਮ ਆਯੋਜਿਤ ਕੀਤਾ।
ਵਿਰੋਧੀ ਧਿਰ ਨੇ ਕਿਹਾ- ਸਾਡੀ ਮੰਗ ਹੈ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ 2023 ਦਾ ਕਾਨੂੰਨ ਰੱਦ ਕੀਤਾ ਜਾਵੇ। ਐੱਸ. ਆਈ. ਆਰ. ਨੂੰ ਰੋਕਿਆ ਜਾਵੇ ਕਿਉਂਕਿ ਜਾਣਬੁੱਝ ਕੇ ਵੋਟਰ ਹਟਾਏ ਗਏ। ਸੰਸਦ ਦੀ ਇਜਾਜ਼ਤ ਤੋਂ ਬਿਨਾਂ ਫਾਰਮ-6 ਨੂੰ ਬਦਲਿਆ ਗਿਆ ਅਤੇ ਇਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ।
ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ, ਜਦਕਿ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੌਗਤ ਰਾਏ ਉਪ-ਪ੍ਰਧਾਨ ਦੀ ਭੂਮਿਕਾ ਵਿਚ ਸਨ। ਖੜਗੇ ਤੋਂ ਇਲਾਵਾ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਜੈਰਾਮ ਰਮੇਸ਼ ਅਤੇ ਕੇ. ਸੀ. ਵੇਣੂਗੋਪਾਲ ਸਮੇਤ ਹੋਰ ਨੇਤਾ ‘ਲੋਕ-ਮਹਾਦੋਸ਼’ ਪ੍ਰੋਗਰਾਮ ਵਿਚ ਮੌਜੂਦ ਸਨ।