ਗਾਂਗੁਲੀ ਦੀ ਥਾਂ ਰੌਜਰ ਬਿਨੀ BCCI ਦਾ ਨਵਾਂ ਪ੍ਰਧਾਨ

ਨਵੀਂ ਦਿੱਲੀ: ਭਾਰਤ ਦੀ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਹੀਰੋ ਰੌਜਰ ਬਿਨੀ ਨੂੰ ਸੌਰਵ ਗਾਂਗੁਲੀ ਦੀ ਥਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਗਾਂਗੁਲੀ ਪਿਛਲੇ ਤਿੰਨ ਸਾਲਾਂ ਤੋਂ BCCI ਦੇ ਪ੍ਰਧਾਨ ਹਨ, ਅਤੇ ਉਹ 18 ਅਕਤੂਬਰ ਨੂੰ ਹੋਣ ਵਾਲੀ ਬੋਰਡ ਦੀ ਸਾਲਾਨਾ ਆਮ ਮੀਟਿੰਗ (AGM) ਵਿੱਚ ਬਿਨੀ ਲਈ ਅਹੁਦਾ ਛੱਡ ਦੇਣਗੇ।
ਬੀਤੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਤਿਆਰੀਆਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਐ ਕਿ ਬੰਗਲੌਰ ਦੇ 67 ਸਾਲਾ ਬਿੰਨੀ ਬੋਰਡ ਦੇ 36ਵੇਂ ਚੇਅਰਮੈਨ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਲਗਾਤਾਰ ਦੂਜੀ ਵਾਰ BCCI ਸਕੱਤਰ ਬਣੇ ਰਹਿਣਗੇ। ਇਸ ਤੋਂ ਇਲਾਵਾ ਸ਼ਾਹ ICC ‘ਚ ਗਾਂਗੁਲੀ ਦੀ ਥਾਂ ਵੀ ਲੈਣਗੇ। BCCI ਦੇ ਅਹੁਦੇਦਾਰਾਂ ‘ਚੋਂ ਇਕਲੌਤੇ ਕਾਂਗਰਸੀ ਰਾਜੀਵ ਸ਼ੁਕਲਾ ਬੋਰਡ ਦੇ ਉਪ-ਚੇਅਰਮੈਨ ਬਣੇ ਰਹਿਣਗੇ।
ਖੇਡ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਸਿੰਘ ਧੂਮਲ ਹੁਣ ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਹੋਣਗੇ। ਉਹ ਬ੍ਰਿਜੇਸ਼ ਪਟੇਲ ਦੀ ਥਾਂ ਲੈਣਗੇ। ਮਹਾਰਾਸ਼ਟਰ ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਬੋਰਡ ਦੇ ਨਵੇਂ ਖ਼ਜ਼ਾਨਚੀ ਹੋਣਗੇ। ਉਸ ਨੇ ਇਹ ਭੂਮਿਕਾ ਸ਼ਰਦ ਪਵਾਰ ਧੜੇ ਦੇ ਸਮਰਥਨ ਨਾਲ ਨਿਭਾਉਣੀ ਸੀ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਕਰੀਬੀ ਦੇਵਜੀਤ ਸੈਕੀਆ ਨਵੇਂ ਸੰਯੁਕਤ ਸਕੱਤਰ ਹੋਣਗੇ। ਉਹ ਜਯੇਸ਼ ਜਾਰਜ ਦੀ ਥਾਂ ਲੈਣਗੇ। ਗਾਂਗੁਲੀ ਹੁਣ ICC ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜੇਗਾ ਜਾਂ ਨਹੀਂ, ਇਸ ਬਾਰੇ ਅਜੇ ਫ਼ੈਸਲਾ ਨਹੀਂ ਹੋਇਆ।