ਲੁਧਿਆਣਾ : ਇੱਥੇ ਪਿੰਡ ਗਿੱਲ ਇਲਾਕੇ ‘ਚ ਇਕ ਵੱਡੇ ਵੇਅਰਹਾਊਸ ‘ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਰਾਧਾ ਸੁਆਮੀ ਸਤਿਸੰਗ ਘਰ ਅਤੇ ਫਾਸਟਵੇਅ ਦਫ਼ਤਰ ਦੇ ਬਿਲਕੁਲ ਨੇੜੇ ਸਥਿਤ ਕਰੀਬ 2000 ਗਜ਼ ‘ਚ ਫੈਲੇ ‘ਟੈਕਨੋ ਆਟੋ’ ਨਾਂ ਦੇ ਆਟੋ ਸਪੇਅਰ ਪਾਰਟਸ ਦੇ ਗੋਦਾਮ ‘ਚ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਕਾਰਨ ਅੰਦਰ ਰੱਖਿਆ ਭਾਰੀ ਮਾਤਰਾ ‘ਚ ਪੈਕੇਜਿੰਗ ਮਟੀਰੀਅਲ ਅਤੇ ਸਪੇਅਰ ਪਾਰਟਸ ਅੱਗ ਦੀ ਲਪੇਟ ‘ਚ ਆ ਗਏ, ਜਿਸ ਕਾਰਨ ਅਸਮਾਨ ‘ਚ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ। ਤੁਰੰਤ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ‘ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ।
ਚਸ਼ਮਦੀਦਾਂ ਦੇ ਮੁਤਾਬਕ ਗੋਦਾਮ ਦੇ ਅੰਦਰਲੇ ਹਿੱਸੇ ‘ਚ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਤੋਂ ਪਹਿਲਾਂ ਕਿ ਕੁੱਝ ਸਮਝ ਆਉਂਦਾ, ਅੰਦਰ ਭਾਰੀ ਗਿਣਤੀ ‘ਚ ਮੌਜੂਦ ਕਾਰਡਬੋਰਡ, ਪਲਾਸਟਿਕ ਪੈਕੇਜਿੰਗ ਮਟੀਰੀਅਲ, ਰਬੜ ਅਤੇ ਧਾਤੂ ਦੇ ਸਪੇਅਰ ਪਾਰਟਾਂ ਨੇ ਅੱਗ ਫੜ੍ਹ ਲਈ ਅਤੇ ਲਪਟਾਂ ਪੂਰੇ ਗੋਦਾਮ ‘ਚ ਫੈਲ ਗਈਆਂ। ਭਿਆਨਕ ਅੱਗ ਦੇਖ ਕੇ ਉੱਥੇ ਮੌਜੂਦ ਸਟਾਫ਼ ਅਤੇ ਆਸ-ਪਾਸ ਦੇ ਲੋਕਾਂ ‘ਚ ਹਫੜਾ-ਦਫੜੀ ਮਚ ਗਈ। ਉਨ੍ਹਾਂ ਨੇ ਤੁਰੰਤ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪੁੱਜੀਆਂ। ਅੱਗ ਇੰਨੀ ਭਿਆਨਕ ਸੀ ਕਿ ਇਕ ਤੋਂ ਬਾਅਦ ਇਕ 15 ਫਾਇਰ ਟੈਂਡਰ ਮੌਕੇ ‘ਤੇ ਬੁਲਾਉਣੇ ਪਏ। ਇਸ ਘਟਨਾ ਦੀ ਜਾਣਕਾਰੀ ਤੁਰੰਤ ਮੁਲਾਜ਼ਮਾਂ ਨੇ ਮਾਲਕ ਨੂੰ ਦਿੱਤੀ, ਜੋ ਕਿ ਦਿੱਲੀ ਤੋਂ ਤੁਰੰਤ ਲੁਧਿਆਣਾ ਲਈ ਰਵਾਨਾ ਹੋ ਗਏ। ਇਸ ਹਾਦਸੇ ਦੌਰਾਨ ਕਿੰਨਾ ਭਾਰੀ ਨੁਕਸਾਨ ਹੋਇਆ ਹੈ, ਇਸ ਦਾ ਪਤਾ ਗੋਦਾਮ ਦਾ ਮੁਆਇਨਾ ਕਰਨ ਤੋਂ ਬਾਅਦ ਹੀ ਲੱਗ ਸਕੇਗਾ।















