ਅਨੁਸ਼ਕਾ ਦੀ ਛਕੜਾ ਐਕਸਪ੍ਰੈੱਸ ਦੀ ਇੰਗਲੈਂਡ ‘ਚ ਸ਼ੂਟਿੰਗ ਖ਼ਤਮ

ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫ਼ਿਲਮ ਛਕੜਾ ਐਕਸਪ੍ਰੈੱਸ ਦੇ ਵੇਰਵੇ ਸਾਂਝੇ ਕੀਤੇ। ਅਨੁਸ਼ਕਾ ਨੇ ਇਨਸਟਾਗ੍ਰੈਮ ‘ਤੇ ਆਪਣੀ ਫ਼ਿਲਮ ਦੀ ਕਹਾਣੀ ਸਬੰਧੀ ਇੱਕ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦੀ ਵਿਦੇਸ਼ ਵਿਚਲੀ ਸ਼ੂਟਿੰਗ ਮੁਕੰਮਲ ਹੋਣ ਦਾ ਖ਼ੁਲਾਸਾ ਕੀਤਾ। ਰਬ ਨੇ ਬਨਾ ਦੀ ਜੋੜੀ ਦੀ ਅਦਾਕਾਰਾ ਇੰਗਲੈਂਡ ‘ਚ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ, ਅਤੇ ਹੁਣ ਫ਼ਿਲਮ ਦੇ ਨਿਰਮਾਤਾਵਾਂ ਨੇ ਉੱਥੇ ਸ਼ੂਟਿੰਗ ਮੁਕੰਮਲ ਕਰ ਲਈ ਹੈ। ਛਕੜਾ ਐਕਸਪ੍ਰੈੱਸ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ ਅਤੇ ਇਹ ਫ਼ਿਲਮ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਨੈੱਟਫ਼ਲਿਕਸ ‘ਤੇ ਦਿਖਾਈ ਜਾਵੇਗੀ।
ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ ਹਾਲੇ ਐਲਾਨੀ ਨਹੀਂ ਗਈ। ਅਨੁਸ਼ਕਾ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਆਪਣੇ ਕਰੀਅਰ ‘ਚ ਇੱਕ ਕ੍ਰਿਕਟਰ ਦੇ ਰੂਪ ਵਿੱਚ ਨਜ਼ਰ ਆਵੇਗੀ, ਅਤੇ ਉਸ ਨੇ 2022 ਦੀ ਸ਼ੁਰੂਆਤ ਵਿੱਚ ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤਾ ਸੀ। ਦੱਸਣਾ ਬਣਦਾ ਹੈ ਕਿ ਅਨੁਸ਼ਕਾ ਨੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਇੱਕ ਲੰਮਾ ਬਰੇਕ ਲਿਆ ਸੀ। ਅਨੁਸ਼ਕਾ ਦਾ ਭਰਾ ਕਰਨੇਸ਼ ਸ਼ਰਮਾ ਆਪਣੀ ਹੋਮ ਪ੍ਰੋਡਕਸ਼ਨ ਕੰਪਨੀ ਕਲੀਨ ਸਲੇਟ ਫ਼ਿਲਮਜ਼ ਨਾਲ ਮਿਲ ਕੇ ਛਕੜਾ ਐਕਸਪ੍ਰੈੱਸ ਦਾ ਨਿਰਮਾਣ ਕਰੇਗਾ।