ਕੈਲਗਰੀ : ਕੋਲਡ ਲੇਕ ਅਲਬਰਟਾ ‘ਚ ਚੱਲ ਰਹੇ ਇੱਕ ਹਵਾਈ ਸ਼ੋਅ ਦੌਰਾਨ ਹਵਾ ‘ਚ ਕਲਬਾਜ਼ੀਆਂ ਦਿਖਾ ਰਹੇ ਕੈਲਗਰੀ ਦੇ ਪਾਇਲਟ ਦਾ ਜਹਾਜ਼ ਦੁਰਘਟਨਾਗ੍ਰਸਤ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸੀ. ਐੱਫ. ਬੀ. ਕੋਲਡ ਲੇਕ ਦੇ ਕੈਪਟਨ ਮੈਥਿਊ ਸਟਰਾਂਗ ਮੁਤਾਬਕ ਇਸ ਪਾਇਲਟ ਦਾ ਨਾਂ ਬਰੂਸ ਇਵਾਨਜ਼ ਸੀ ਅਤੇ ਜਦੋਂ ਉਹ ਆਪਣਾ ਟੀ-28 ਟਰੋਜ਼ਨ ਉਡਾ ਰਿਹਾ ਸੀ ਤਾਂ ਇਸ ਸਮੇਂ ਦੁਪਹਿਰ ਦੋ ਵਜੇ ਦੇ ਕਰੀਬ ਉਸ ਦਾ ਜਹਾਜ਼ ਹੇਠਾਂ ਆ ਡਿੱਗਿਆ। ਕੋਲਡ ਲੇਕ ਦੇ ਪੀਟਰ ਲੋਜ਼ਿੰਸਕੀ ਨਾਮੀ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਹਾਦਸਾ ਆਪਣੇ ਅੱਖੀਂ ਦੇਖਿਆ ਹੈ। ਉਸ ਨੇ ਦੱਸਿਆ ਕਿ ਪਾਇਲਟ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਲੂਪ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਹਾਜ਼ ਕੁਝ ਜ਼ਿਆਦਾ ਹੀ ਹੇਠਾਂ ਆ ਗਿਆ। ਇਸ ਦੌਰਾਨ ਜਹਾਜ਼ ‘ਚ ਕੋਈ ਅੱਗ ਤਾਂ ਨਜ਼ਰ ਨਹੀਂ ਆਈ ਪਰ ਉਸ ਦਾ ਮਲਬਾ ਦਿਖਾਈ ਦੇ ਰਿਹਾ ਸੀ। ਲੋਜ਼ਿੰਸਕੀ ਨੇ ਦੱਸਆ ਕਿ ਹਾਦਸੇ ਵਾਲੀ ਥਾਂ ‘ਤੇ ਫੌਜੀ ਕਰਮਚਾਰੀ ਇੱਧਰ-ਉੱਧਰ ਭੱਜ ਰਹੇ ਸਨ ਅਤੇ ਸਾਇਰਨ ਵੀ ਵੱਜ ਰਹੇ ਸਨ। ਕਈ ਲੋਕਾਂ ਨੂੰ ਤਾਂ ਪਹਿਲਾਂ ਪਤਾ ਹੀ ਨਾ ਲੱਗਿਆ ਕਿ ਕੀ ਹੋਇਆ ਹੈ ਪਰ ਜਦੋਂ ਜ਼ੋਰਦਾਰ ਖੜਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਪਤਾ ਲੱਗਿਆ ਕਿ ਜਹਾਜ਼ ਦੁਰਘਨਾਗ੍ਰਤ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਅਲਬਰਟਾ ਦੀ ਵਾਇਲਡ ਰੋਜ਼ ਪਾਰਟੀ ਲੀਡਰ ਬ੍ਰਾਇਨ ਜੀਨ ਨੇ ਟਵਿੱਟਰ ‘ਤੇ ਲਿਖਿਆ ਕਿ ਇਸ ਹਾਦਸੇ ‘ਚ ਪਾਇਲਟ ਬਰੂਸ ਇਵਾਨਜ਼ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਕਾਫੀ ਸਦਮਾ ਪਹੁੰਚਿਆ ਹੈ।















