ਅਕਾਲੀ-ਭਾਜਪਾ ਦੇ ਰਿਸ਼ਤਿਆਂ ‘ਚ ਟਕਰਾਅ ਪਹੁੰਚਾ ਰਿਹੈ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ : ਕਾਂਗਰਸ

6ਚੰਡੀਗੜ੍ਹ  : ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਵਿਚਾਲੇ ਟਕਰਾਅ ਦੇ ਚਲਦੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਐਨ.ਡੀ.ਏ ਸਰਕਾਰ ਵੱਲੋਂ ਸੂਬੇ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਸ਼ਬਦ ਇਥੇ ਜ਼ਾਰੀ ਇਕ ਸਾਂਝੇ ਬਿਆਨ ‘ਚ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਕੁਸ਼ਲ ਦੀਪ ਸਿੰਘ ਕਿੱਕੀ ਢਿਲੋਂ ਨੇ ਕਹੇ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੈਸ਼ ਕ੍ਰੇਡਿਟ ਲਿਮਿਟ ਦਾ ਮਾਮਲਾ ਸੁਲਝਾਉਣ ਲਈ ਕੇਂਦਰ ਸਰਕਾਰ ਨੂੰ ਦਿੱਤੇ 1000 ਕਰੋੜ ਰੁਪਏ ਦੇਣ ਦੇ ਮੁੱਦੇ ‘ਤੇ ਪੱਖ ਸਾਫ ਕਰਨ ਲਈ ਕਿਹਾ ਹੈ। ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਨੇ ਬਾਦਲ ਨੂੰ ਕਿਹਾ ਕਿ ਤੁਸੀਂ ਦਿੱਲੀ ਤੋਂ ਗ੍ਰਾਂਟਾਂ ਦੇ ਭਰੇ ਟਰੱਕ ਲਿਆਉਣ ਦਾ ਵਾਅਦਾ ਕੀਤਾ ਸੀ, ਲੇਕਿਨ ਗ੍ਰਾਂਟਾਂ ਲੈਣ ਦੇ ਉਲਟ ਸੂਬਾ ਕੇਂਦਰ ਨੂੰ ਅਦਾ ਕਰ ਰਿਹਾ ਹੈ। ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇ ਅਨਾਜ਼ ਖ੍ਰੀਦ ‘ਚ ਕੋਈ ਘੁਟਾਲਾ ਨਹੀਂ ਹੋਇਆ ਸੀ, ਤਾਂ ਫਿਰ ਕਿਉਂ ਉਨ੍ਹਾਂ ਨੇ ਕੇਂਦਰ ਨੂੰ 1000 ਕਰੋੜ ਰੁਪਏ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਦੋਸ਼ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਭਿਖਾਰੀ ਬਣਾ ਦਿੱਤਾ ਹੈ, ਮੋਦੀ ਸਰਕਾਰ ‘ਤੇ ਕਲੰਕ ਹੈ ਕਿ ਐਨ.ਡੀ.ਏ ਸੰਘੀ ਢਾਂਚੇ ਖਿਲਾਫ ਕੰਮ ਕਰ ਰਿਹਾ ਹੈ।
ਜਦਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਦੀ ਹਰੇਕ ਮੰਗ ਪੂਰੀ ਕੀਤੀ ਸੀ ਅਤੇ ਜਦੋਂ ਵੀ ਬਾਦਲ ਨੇ ਸਮਾਂ ਮੰਗਿਆ ਸੀ, ਉਹ ਹਮੇਸ਼ਾ ਮਿਲੇ ਸਨ। ਲੇਕਿਨ ਇਸਦੇ ਉਲਟ ਮੋਦੀ ਬਾਦਲ ਨੂੰ ਮਿੱਲਣ ਦਾ ਸਮਾਂ ਤੱਕ ਨਹੀਂ ਦਿੰਦੇ। ਇਸੇ ਤਰ੍ਹਾਂ, ਡਾ. ਮਨਮੋਹਨ ਸਿੰਘ ਤੋਂ ਵੱਡੀਆਂ ਗ੍ਰਾਂਟਾਂ ਲੈਣ ਦੇ ਬਾਵਜੂਦ ਬਾਦਲ ਹਮੇਸ਼ਾ ਉਨ੍ਹਾਂ ਨੂੰ ਟਾਰਗੇਟ ਕਰਦਿਆਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਉਂਦੇ ਸਨ।
ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਮਾਰੋਹ ਦੌਰਾਨ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨਾਲ ਹੋਏ ਬੁਰੇ ਵਤੀਰੇ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪੰਜਾਬ ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਨੇ ਭਾਜਪਾ ਲੀਡਰਸ਼ਿਪ ਨੂੰ ਉਸੇ ਥਾਲੀ ‘ਚ ਪਰੋਸ ਕੇ ਦਿੱਤਾ ਹੈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਦਿੱਤਾ ਸੀ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਆਪਣੀ ਮਹਿਮਾਨ ਨਵਾਜੀ ਲਈ ਜਾਣਿਆ ਜਾਂਦਾ ਹੈ। ਲੇਕਿਨ ਮੰਦਭਾਗਾ ਹੈ ਕਿ ਬਾਦਲ ਇਸਨੂੰ ਉਸੇ ਤਰੀਕੇ ਨਾਲ ਅੰਜ਼ਾਮ ਦੇ ਰਹੇ ਹਨ, ਜਿਵੇਂ ਪ੍ਰਧਾਨ ਮੰਤਰੀ ਮੋਦੀ ਦਿੱਲੀ ‘ਚ ਆਪਣੇ ਸਾਂਝੇਦਾਰ ਅਕਾਲੀ ਦਲ ਨਾਲ ਵਿਹਾਰ ਕਰਦੇ ਹਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਵਿਚਾਲੇ ਟਕਰਾਅ ਦੇ ਚਲਦਿਆਂ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਜੇ ਅਕਾਲੀ ਲੀਡਰਸ਼ਿਪ ‘ਚ ਕੁਝ ਨੈਤਿਕਤਾ ਬੱਚੀ ਹੈ, ਤਾਂ ਉਸਨੂੰ ਐਨ.ਡੀ.ਏ ਦਾ ਸਾਥ ਛੱਡ ਕੇ ਸੱਤਾ ‘ਚੋਂ ਬਾਹਰ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਮੋਦੀ ‘ਤੇ ਦੋਸ਼ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲੋਂ ਵੱਧ ਗ੍ਰਾਂਟਾਂ ਦੇ ਕੇ ਉਹ ਪੰਜਾਬ ਹਿਤੈਸ਼ੀ ਰਹੇ ਹਨ।