ਫਰਾਂਸ ‘ਚ ਅੱਤਵਾਦੀ ਹਮਲਾ, 84 ਮੌਤਾਂ

01ਪੇਰਿਸ : ਫਰਾਂਸ ਵਿਖੇ ਰਾਸ਼ਟਰੀ ਦਿਵਸ ਮੌਕੇ ਉਸ ਸਮੇਂ ਅਫ਼ਰਾਤਫ਼ਰੀ ਦਾ ਮਹੌਲ ਬਣ ਗਿਆ ਜਦੋਂ ‘ਬਾਸਤੀਲ ਡੇ’ ਮੌਕੇ ‘ਤੇ ਇਕ ਭਿਆਨਕ ਅੱਤਵਾਦੀ ਹਮਲੇ ਵਿਚ 80 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 100 ਦੇ ਕਰੀਬ ਜ਼ਖਮੀ ਹੋਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਰਾਸ਼ਟਰੀ ਦਿਵਸ ਮੌਕੇ ਦਾ ਹਿੱਸਾ ਬਣੇ ਲੋਕਾਂ ਵਿਚਾਲੈ ਇਕ ਅੱਤਵਾਦੀ ਭਾਰੂ ਟਰੱਕ ਨੂੰ ਤੇਜ਼ ਗਤੀ ਨਾਲ ਅੰਦਰ ਲੈ ਆਇਆ ਤੇ ਇਥੇ ਮੌਜੂਦ ਲੋਕਾਂ ਉਤੇ ਟਰੱਕ ਨੂੰ ਚੜਾ ਦਿੱਤਾ। ਇਸਦੀ ਚਪੇਟ ਵਿੱਚ ਕਈ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਇਹ ਫਰਾਂਸ ਵਿਖੇ ਥੋੜੇ ਸਮੇਂ ਵਿਚਾਲੈ ਹੀ ਦੂਜਾ ਵੱਡਾ ਅੱਤਵਾਦੀ ਹਮਲਾ ਹੈ। ਫਰਾਂਸ ਵਿੱਚ ਪਹਿਲਾਂ ਤੋਂ ਲਗੀ ਐਮਰਜੈਂਸੀ ਸਥਿਤੀ ਨੂੰ ਤਿੰਨ ਮਹੀਨਿਆਂ ਵਾਸਤੇ ਹੋਰ ਵਧਾ ਦਿੱਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੈ ਮੁਤਾਬਕ ਅਜੇ ਤੱਕ ਇਸ ਹਮਲੇ ਵਿੱਚ ਕਿਸੇ ਤਰਾਂ ਦੇ ਭਾਰਤੀ ਸਮੁਦਾਅ ਦੇ ਮਾਰੇ ਜਾਣ ਦੇ ਸੂਚਨਾ ਨਹੀਂ ਹੈ। ਵਿਦੇਸ਼ ਮੰਤਰਾਲੈ ਨੇ ਕਿਹਾ ਕਿ ਪੇਰਿਸ ਵਿੱਚ ਭਾਰਤੀ ਰਾਜਦੂਤ ਨੀਸ ਵਿੱਚ ਭਾਰਤੀ ਸਮੁਦਾਅ ਦੇ ਸੰਪਰਕ ਵਿੱਚ ਹਨ। ਪੇਰਿਸ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਵਾਸਤੇ ਇਕ ਹੈਲਪਲਾਈਨ +33-1-40507070 ਵੀ ਸਥਾਪਿਤ ਕੀਤਾ ਹੈ।
ਰਾਸ਼ਟਰਪਤੀ ਤੇ ਪੀਐਮ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਾਰਤ ਫਰਾਂਸ ਦੀ ਸਰਕਾਰ ਤੇ ਜਨਤਾ ਨਾਲ ਅੱਤਵਾਦੀ ਦੇ ਵਿੱਰੁਧ ਹਮੇਸ਼ਾ ਖੜਾ ਰਹੇਗਾ। ਪੀਐਮ ਮੋਦੀ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਬੇਹੱਦ ਦੁੱਖੀ ਹਨ ਤੇ ਦ੍ਰਿੜਤਾ ਨਾਲ ਹਿੰਸਾ ਦੀ ਲੜਾਈ ਦੀ ਨਿੰਦਾ ਕਰਦੇ ਹਨ। ਉਨਾਂ ਨੇ ਜਖ਼ਮੀਆਂ ਦੀ ਛੇਤੀ ਹੀ ਸਿਹਤਮੰਦ ਹੋਣ ਦੀ ਕਾਮਨਾ ਆਪਣੇ ਸੰਦੇਸ਼ ਵਿੱਚ ਕੀਤੀ।
ਇਸ ਦੌਰਾਨ ਹਮਲਾਵਰ ਟਰੱਕ ਡਰਾਈਵਰ ਟਰੱਕ ਨੂੰ ਦੋ ਕਿਲੋਮੀਟਰ ਤੱਕ ਦੌੜਾ ਕੇ ਲੈ ਗਿਆ ਅਤੇ ਬਾਅਦ ਵਿਚ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਅਨੁਸਾਰ ਉਸ ਦੇ ਟਰੱਕ ਵਿਚੋਂ ਬੰਦੂਕਾਂ ਅਤੇ ਗ੍ਰੇਨੇਡ ਮਿਲੇ ਹਨ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਮੂਲ ਰੂਪ ਨਾਲ ਟਿਊਨੇਸ਼ੀਆ ਦਾ ਸੀ ਅਤੇ ਉਹ ਨੀਸ ਵਿਚ ਹੀ ਰਹਿੰਦਾ ਸੀ।
ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਓਲਾਂਦ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੀਰੀਆ ਅਤੇ ਇਰਾਕ ਵਿਚ ਫਰਾਂਸੀਸੀ ਕਾਰਵਾਈ ਨੂੰ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਫਰਾਂਸ ਉਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ।