ਨਵੀਂ ਦਿੱਲੀਂ ਅਨਿਲ ਕੁੰਬਲੇ ਦੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੇ ਬਾਅਦ ਭਾਰਤੀ ਟੀਮ ਲਈ ਇਕ ਹੋਰ ਵੱਡੀ ਖਬਰ ਮਿਲ ਸਕਦੀ ਹੈ। ਜਾਣਕਾਰੀ ਮੁਤਾਬਕ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਭਾਰਤੀ ਟੀਮ ਦੇ ਅਗਲੇ ਗੇਂਦਬਾਜ਼ੀ ਕੋਚ ਬਣ ਸਕਦੇ ਹਨ।
ਕੁੰਬਲੇ ਨੂੰ ਮੁੱਖ ਕੋਚ ਚੁਣਨ ਵਾਲੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਜਿਥੇ ਤੱਕ ਸਹਾਇਕ ਕੋਚ ਚੁਣੇ ਜਾਣ ਦੀ ਗੱਲ ਹੈ, ਇਹ ਫ਼ੈਸਲਾ ਪੂਰੀ ਤਰ੍ਹਾਂ ਨਾਲ ਬੀ. ਸੀ. ਸੀ. ਆਈ. ਦੇ ਕੋਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਹੀਰ ਦੇ ਗੇਂਦਬਾਜ਼ੀ ਕੋਚ ਦੇ ਰੂਪ ‘ਚ ਉਪਲੱਬਧ ਹੋਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਫ਼ੈਸਲਾ ਬੀ. ਸੀ. ਸੀ. ਆਈ. ਨੇ ਕਰਨਾ ਹੈ।
ਗਾਂਗੁਲੀ ਨੇ ਸਪੱਸ਼ਟ ਕੀਤਾ ਕਿ ਕ੍ਰਿਕਟ ਸਲਾਹਕਾਰ ਕਮੇਟੀ ਦਾ ਸਹਾਇਕ ਕੋਚ ਚੁਣਨ ‘ਚ ਕੋਈ ਰੋਲ ਨਹੀਂ ਹੋਵੇਗਾ। ਸਚਿਨ ਤੇਂਦੂਲਕਰ ਅਤੇ ਵੀ. ਵੀ. ਐੱਸ. ਲਕਸ਼ਮਣ ਵੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਹਨ। ਗਾਂਗੁਲੀ ਨੇ ਦੱਸਿਆ ਕਿ ਅਨਿਲ ਖੁਦ ਇਕ ਗੇਂਦਬਾਜ਼ ਹਨ, ਇਸ ਲਈ ਉਨ੍ਹਾਂ ਨੇ ਕੋਈ ਗੇਂਦਬੋਜ਼ੀ ਕੋਚ ਨਹੀਂ ਰੱਖਿਆ। ਹੋ ਸਕਦਾ ਹੈ ਉਹ ਕੋਈ ਗੇਂਦਬਾਜ਼ੀ ਕੋਚ ਚੁਣ ਸਕਦੇ ਹਨ।












