ਨਵੀਂ ਦਿੱਲੀਂ ਭਾਰਤੀ ਟੀਮ ਅਤੇ ਬੰਗਾਲ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਦੇ 2015 ਦੇ ਸੈਸ਼ਨ ‘ਚ ਸੱਟ ਕਾਰਨ ਨਾ ਖੇਡਣ ਦੇ ਕਾਰਨ ਹੋਏ ਨੁਕਸਾਨ ਦੇ ਲਈ 2.2 ਕਰੋੜ ਤੋਂ ਜ਼ਿਆਦਾ ਦਾ ਮੁਆਵਜ਼ਾ ਦਿੱਤਾ ਹੈ। ਗੋਡੇ ਦੀ ਸੱਟ ਕਾਰਨ ਸ਼ਮੀ ਆਈ. ਪੀ. ਐੱਲ-8 ‘ਚ ਨਹੀਂ ਖੇਡੇ ਸਨ। ਹਾਲਾਂਕਿ ਦਰਦ ਦੇ ਬਾਵਜੂਦ ਵੀ ਉਹ ਆਸਟਰੇਲੀਆ ਅਤੇ ਨਿਊਜ਼ੀਲੈਂਡ ‘ਚ ਹੋਏ ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਬੀ. ਸੀ. ਸੀ. ਆਈ. ਦੀ ਇਕ ਰਿਪੋਰਟ ਮੁਤਾਬਕ ਸ਼ਮੀ ਨੂੰ 2,23,12,500 ਰੁਪਏ ਦੀ ਭੁਗਤਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਉੱਤਰ-ਪ੍ਰਦੇਸ਼ ਦੇ ਸ਼ਮੀ ਨੇ ਭਾਰਤੀ ਟੀਮ ਨੂੰ ਸੈਮੀਫ਼ਾਈਨਲ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਵਿਸ਼ਵ ਕੱਪ ਦੇ ਪੰਜ ਮੈਚਾਂ ‘ਚ 17 ਵਿਕਟਾਂ ਹਾਸਲ ਕੀਤੀਆਂ ਅਤੇ ਉਹ ਟੂਰਨਾਮੈਂਟ ਦੇ ਪੰਜਵੇਂ ਬਿਹਤਰੀਨ ਗੇਂਦਬਾਜ਼ ਰਹੇ। ਉਨ੍ਹਾਂ ਨੇ ਬਾਅਦ ‘ਚ ਗੋਡੇ ਦੀ ਸਰਜਰੀ ਵੀ ਕਰਵਾਈ ਸੀ। ਭਾਰਤੀ ਟੀਮ ਨੇ ਇਸ ਸਾਲ ਦੇ ਸ਼ੁਰੂ ‘ਚ ਆਸਟਰੇਲੀਆ ਦਾ ਦੌਰਾ ਕੀਤਾ ਸੀ, ਉਸ ਸਮੇਂ ਸ਼ਮੀ ਨੂੰ ਹੈਮਟ੍ਰਿੰਗ ਦੀ ਸੱਟ ਲੱਗ ਗਈ ਸੀ ਅਤੇ ਉਹ ਏਸ਼ੀਆ ਕੱਪ ਟੀ-20 ਚੈਂਪੀਅਨਸ਼ਿਪ ‘ਚ ਵੀ ਨਹੀਂ ਖੇਡੇ ਸਨ।
ਉਹ ਵੈਸਟ ਇੰਡੀਜ਼ ਜਾਣ ਵਾਲੀ ਵਿਰਾਟ ਕੋਹਲੀ ਦੀ ਟੀਮ ਦੇ ਮੈਂਬਰ ਹਨ, ਜੋ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।












