ਡਾ ਦੇਵਿੰਦਰ ਮਹਿੰਦਰੂ
ਨੇੜਿਓਂ ਦੇਖਿਆ ਦੁੱਗਲ
ਅਕਾਸ਼ਵਾਣੀ ਕੇਂਦਰ ਜਲੰਧਰ ਦਾ ਕਥਾ ਲੋਕ ਪ੍ਰੋਗਰਾਮ ਐੱਸ ਕੇ ਸ਼ਰਮਾ ਦਾ ਕੌਨਸੈਪਟ ਸੀ। ਕਿਸੇ ਵੱਡੇ ਲੇਖਕ ਦੀ ਵਧੀਆ ਕਹਾਣੀ ਲੈ ਕੇ ਉਸ ਨੂੰ ਡਰੈਮੇਟਾਈਜ਼ ਕੀਤਾ ਜਾਂਦਾ ਸੀ। ਵੀਰਵਾਰ ਸਵੇਰੇ 7: 30 ਵਜੇ ਉਸ ਦਾ ਪ੍ਰਸਾਰਣ ਹੁੰਦਾ ਸੀ। ਮਹੀਨੇ ਦੇ ਅਖੀਰਲੇ ਵੀਰਵਾਰ ਹਿੰਦੀ ਜਾਂ ਉਰਦੂ ਦੀ ਕਹਾਣੀ ਲੈਂਦੇ ਸਾਂ ਜਾਂ ਕਿਸੇ ਬਾਹਰਲੇ ਲੇਖਕ ਜਾਂ ਕਿਸੇ ਹੋਰ ਭਾਰਤੀ ਲੇਖਕ ਦੀ ਕਹਾਣੀ ਦਾ ਪੰਜਾਬੀ ਅਨੁਵਾਦ ਲੈ ਲੈਂਦੇ ਸਾਂ। ਪਹਿਲਾਂ ਸ਼ਰਮਾ ਜੀ ਦੇ ਵਕਤ ਸੁਖਜਿੰਦਰ ਜੀ ਸਨ ਅਤੇ ਸੇਤੀਆ ਜੀ ਦੇ ਟਾਈਮ ‘ਤੇ ਮੈਂ ਸੀ ਉਸ ਦੀ ਪ੍ਰੋਡਿਊਸਰ ਸਾਂ। ਪਰ ਪ੍ਰੋਗਰਾਮ ਕਥਾ ਲੋਕ ਨਾਲ ਮੇਰਾ ਜੁੜਾਵ ਪਹਿਲੇ ਦਿਨ ਤੋਂ ਹੀ ਸੀ। ਸ਼ਰਮਾ ਜੀ ਵਾਲੇ ਆਰਡਰ ‘ਚ ਕਹਾਣੀਆਂ ਦੀ ਚੋਣ ਕਰਨੀ ਮੇਰੇ ਜ਼ਿੰਮੇ ਸੀ। ਮੇਰੀ MPhil ਪੰਜਾਬੀ ਕਹਾਣੀਆਂ ‘ਤੇ ਸੀ ਅਤੇ ਮੇਰੇ ਗਾਈਡ ਸਨ ਡਾ.ਦਲੀਪ ਕੌਰ ਟਿਵਾਣਾ। ਉਨ੍ਹਾਂ ‘ਤੇ ਕਦੇ ਅਲੱਗ ਤੋਂ ਪੂਰਾ ਕਾਲਮ ਲਿਖਾਂਗੀ ਅਤੇ ਸ਼ਿੱਦਤ ਨਾਲ ਉਨਾਂ ਨੂੰ ਚੇਤੇ ਕਰਾਂਗੀ। ਉਹ ਪਹਿਲਾਂ ਮੇਰੇ ਮੈਡਮ, ਫ਼ੇਰ ਦੀਦੀ, ਅਤੇ ਬਾਅਦ ‘ਚ ਉਹ ਮੇਰੀ ਸਹੇਲੀ ਬਣ ਗਈ। ਮੇਰੀ ਕਵਿਤਾ ਦੀ ਕਿਤਾਬ ਮਾਂ ਚਲੀ ਗਈ ਪੜ੍ਹ ਕੇ ਉਨ੍ਹਾਂ ਨੇ ਮੈਨੂੰ ਇੱਕ ਲੰਬਾ ਫ਼ੋਨ ਕੀਤਾ ਸੀ ਜਿਸਨੂੰ ਮੈਂ ਉਸੇ ਵੇਲੇ ਸਾਰਾ ਲਿਖ ਲਿਆ ਸੀ, ਅਤੇ ਹੱਕ ਨਾਲ ਉਨ੍ਹਾਂ ਕਿਹਾ ਸੀ ਮੁੜ ਕੇ ਮਰਨ ਦੀ ਗੱਲ ਕੀਤੀ ਤਾਂ ਤੇਰੇ ਨਾਲ ਬੋਲਣਾ ਬੰਦ ਕਰ ਦਿਆਂਗੀ ਮੈਂ।
ਪ੍ਰੋਗਰਾਮ ਕਥਾ ਲੋਕ ‘ਚ ਬਾਕੀ ਦੇ ਲੇਖਕਾਂ ਦੇ ਨਾਲ-ਨਾਲ ਕਰਤਾਰ ਸਿੰਘ ਦੁੱਗਲ ਅਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਪ੍ਰਸਾਰਿਤ ਹੋਏ। ਦੁੱਗਲ ਸਾਹਿਬ ਦਿੱਲੀ ਰਹਿੰਦੇ ਸਨ। ਬੇਸ਼ੱਕ ਉਹ ਕਦੀ ਕਦੀ ਜਲੰਧਰ ਵੀ ਰਹਿੰਦੇ ਸਨ, ਆਪਣੇ ਜੱਦੀ ਘਰ ‘ਚ ਆਕੇ, ਜਿੱਥੇ ਉੱਨ੍ਹਾਂ ਦੀ ਮਾਂ ਅਤੇ ਭਰਾ ਰਹਿ ਰਹੇ ਸਨ। ਜਦੋਂ 1949 ‘ਚ ਇਹ ਕੇਂਦਰ ਸ਼ੁਰੂ ਹੋਇਆ ਤਾਂ ਉਹ ਜਲੰਧਰ ਆਕਾਸ਼ਵਾਣੀ ਦੇ ਡਾਇਰੈਕਟਰ ਸਨ। ਮੁਲਕ ਹਾਲੇ ਨਵਾਂ ਨਵਾਂ ਆਜ਼ਾਦ ਹੋਇਆ ਸੀ। ਸੌਖਾ ਨਹੀਂ ਰਿਹਾ ਹੋਵੇਗਾ ਉਨ੍ਹਾਂ ਔਖੇ ਵੇਲਿਆਂ ‘ਚ ਆਪਣੀ ਡਾਕਟਰ ਬੀਵੀ ਆਇਸ਼ਾ (ਇੱਕ ਮੁਸਲਿਮ ਮਹਿਲਾ) ਨਾਲ ਜਲੰਧਰ ‘ਚ ਰਹਿਣਾ।
ਸਾਡੇ ਵੇਲਿਆਂ ‘ਚ ਵੀ ਜਲੰਧਰ ‘ਤੇ ਉਨ੍ਹਾਂ ਦੇ ਹੁਕਮ ਚੱਲਦੇ ਸਨ। ਉਹ ਮਾਈ ਬਾਪ ਸਨ ਸਾਰੇ ਸਟੇਸ਼ਨ ਦੇ। ਵਿਸ਼ੇਸ਼ ਤੌਰ ‘ਤੇ ਜਲੰਧਰ ਰੇਡੀਓ ਲਈ ਡਰਾਮਾ ਲਿਖਦੇ ਸਨ। ਆਪਣੀ ਪਸੰਦ ਦੀ ਕਾਸਟਿੰਗ ਕਰਦੇ, ਅਤੇ ਫ਼ੇਰ ਆਪਣੀ ਸੁਵਿਧਾ ਅਨੁਸਾਰ ਤਾਰੀਖਾਂ ਦੇ ਕੇ ਕਹਿੰਦੇ ਸਨ ਕਿ ਇਸ ਨਾਟਕ ਦਾ ਡਾਇਰੈਕਟਰ ਵੀ ਮੈਂ ਹੀ ਹੋਵਾਂਗਾ। ਚਿੱਠੀ ਪੱਤਰੀ ਮੇਰੇ ਨਾਲ ਹੁੰਦੀ ਸੀ। ਹੁਕਮ ਆਉਂਦਾ ਕਿ ਸਭ ਤਿਆਰ ਰੱਖਿਆ ਜਾਵੇ। ਇੱਕ ਦਿਨ ਚਿੱਠੀ ਕਿ ਆਈ ਫ਼ਲਾਣੀ ਟਰੇਨ ‘ਚ ਆ ਰਿਹਾਂ। ਮੈਨੂੰ ਤਾਂ ਇਹਦਾ ਇਹੀ ਮਤਲਬ ਸਮਝ ਆਇਆ ਕਿ ਸਟੇਸ਼ਨ ਤੋਂ ਲੈਣ ਵਾਸਤੇ ਦਫ਼ਤਰ ਦੀ ਗੱਡੀ ਮੰਗਾਈ ਜਾ ਰਹੀ ਹੈ। ਮੈਂ ਵਕਤ ਤੋਂ ਕੁੱਝ ਚਿਰ ਪਹਿਲਾਂ ਹੀ ਰੇਲਵੇ ਸਟੇਸ਼ਨ ਪਹੁੰਚ ਗਈ। ਦੁੱਗਲ ਸਾਹਿਬ ਸਟੇਸ਼ਨ ਤੋਂ ਬਾਹਰ ਆਏ। ਮੇਰੀ ਨਮਸਕਾਰ ਦਾ ਹਲਕਾ ਜਿਹਾ ਜਵਾਬ ਦਿੱਤਾ, ਅਤੇ ਮੇਰੇ ਪਿੱਛੇ ਖੜ੍ਹੇ ਆਪਣੇ ਭਰਾ ਨੂੰ ਮਿਲੇ, ਅਤੇ ਉਹਦੀ ਗੱਡੀ ‘ਚ ਬੈਠ ਕੇ ਚਲੇ ਗਏ।
ਮੈਨੂੰ ਬੜਾ ਬੁਰਾ ਲੱਗਿਆ। ਵਕਤ ਅਤੇ ਪੈਟਰੋਲ ਦੀ ਬਰਬਾਦੀ ਵਾਧੂ ਦੀ। ਬਹੁਤ ਵਾਰ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਮੇਰੇ ਨਾਲ। ਹਰ ਵਾਰ ਕੋਸਦੀ ਰਹੀ ਹਾਂ ਆਪਣੇ ਆਪ ਨੂੰ ਕਿ ਅਕਲ ਕਰ, ਅਕਲ। ਨਹੀਂ ਅਜੇ ਤਕ ਤਾਂ ਨਹੀਂ ਆਈ ਅਕਲ ਮੈਨੂੰ। ਘਰ ਆਏ ਦੁਸ਼ਮਣ ਨੂੰ ਵੀ ਕੋਈ ਪੁੱਠਾ ਸਿੱਧਾ ਜਵਾਬ ਨਹੀਂ ਦੇ ਸਕਦੀ ਮੈਂ, ਉਸ ਤਰ੍ਹਾਂ ਭਾਵੇਂ ਚੌਵੀ ਘੰਟੇ ਜ਼ਬਾਨ ਚਲਾਉਂਦੀ ਰਹਾਂ। ਕਦੇ ਕਿਸੇ ਦਾ ਫ਼ੋਨ ਨਹੀਂ ਕੱਟ ਸਕਦੀ ਮੈਂ, ਭਾਵੇਂ ਗੱਲਬਾਤ ਕਿੰਨੀ ਵੀ ਅਣਸੁਖਾਵੀਂ ਹੋ ਜਾਵੇ। ਕੀ ਪਤਾ, ਮਾਤਾ ਪਿਤਾ ਨੇ ਕਿਉਂ ਨਹੀਂ ਸਿਖਾਇਆ ਕੋਰਾ ਹੋਣਾ।
ਸੇਖੋਂ ਸਾਹਿਬ ਦੀ ਪੇਮੀ ਦੇ ਨਿਆਣੇ ਬਹੁਤ ਛੋਟੇ ਹੁੰਦੇ ਹੀ ਪੜ੍ਹ ਲਈ ਸੀ, ਪਰ ਹਮੇਸ਼ਾ ਉਹਨੂੰ ਪ੍ਰੀਤੋ ਦੇ ਨਿਆਣੇ ਹੀ ਬੋਲਿਆ, ਪਤਾ ਨਹੀਂ ਕਿਉਂ। ਇਹ ਕਹਾਣੀ ਬੜੀ ਮਿਹਨਤ ਨਾਲ ਪ੍ਰੋਡਿਊਸ ਕੀਤੀ ਸੀ ਮੈਂ ਰੇਡੀਓ ਲਈ। ਸਰਾਹੀ ਵੀ ਸ੍ਰੋਤਿਆਂ ਨੇ ਬਹੁਤ। ਸੇਖੋਂ ਸਾਹਿਬ ਦੀਆਂ ਹੋਰ ਵੀ ਕਹਾਣੀਆਂ ਦੀ ਪ੍ਰੋਡਕਸ਼ਨ ਕੀਤੀ।
***
ਇੱਕ ਵਾਰ ਦੁੱਗਲ ਸਾਹਿਬ ਨੇ ਆਪਣੀ ਨਵੀਂ ਕਿਤਾਬ ਦੀਆਂ ਦੋ ਕਾਪੀਆਂ ਭੇਜ ਕੇ ਚਿੱਠੀ ‘ਚ ਲਿਖਿਆ ਕਿ ਕਿਸੇ ਚੰਗੇ ਜਿਹੇ ਆਲੋਚਕ ਤੋਂ ਰਿਵੀਯੂ ਕਰਵਾ ਕੇ ਪ੍ਰਸਾਰਿਤ ਕਰ ਦੇ ਰੇਡੀਓ ‘ਤੇ। ਸੰਤ ਸਿੰਘ ਸੇਖੋਂ ਸਾਹਿਬ ਤੋਂ ਵਧੀਆ ਆਲੋਚਕ ਕੌਣ ਹੋ ਸਕਦਾ ਸੀ? ਮੈਂ ਕਿਤਾਬ ਉਨ੍ਹਾਂ ਨੂੰ ਭੇਜ ਦਿੱਤੀ, ਨਾਲ ਕੌਨਟਰੈਕਟ ਵੀ ਭੇਜ ਦਿੱਤਾ ਕਿ ਕਿਹੜੇ ਦਿਨ ਰਿਕਾਰਡਿੰਗ ਹੈ ਅਤੇ ਕਿਸ ਦਿਨ ਪ੍ਰਸਾਰਣ ਹੈ। ਦੁੱਗਲ ਸਾਹਿਬ ਨੂੰ ਵੀ ਚਿੱਠੀ ਲਿਖ ਕੇ ਸਾਰਾ ਕੁੱਝ ਦੱਸ ਦਿੱਤਾ। ਨਾ ਸੇਖੋਂ ਸਾਹਿਬ ਦਾ ਕੋਈ ਜਵਾਬ ਆਇਆ ਅਤੇ ਦੁੱਗਲ ਸਾਹਿਬ ਦੇ ਪ੍ਰਸਾਰਣ ਦੀ ਤਾਰੀਖ ਆਈ ਅਤੇ ਨਿਕਲ ਗਈ।
ਕਿਤਾਬ ਦੀ ਦੂਸਰੀ ਕਾਪੀ ਸੀ ਮੇਰੇ ਕੋਲ, ਪਰ ਇਸ ਤਰਾਂ ਕਿਵੇਂ ਕਿਸੇ ਹੋਰ ਨੂੰ ਕਿਹਾ ਜਾ ਸਕਦੈ ਰਿਵਿਊ ਲਈ? ਸੇਖੋਂ ਸਾਹਿਬ ਨੇ ਨਾਂਹ ਤਾਂ ਨਹੀਂ ਸੀ ਕੀਤੀ। ਉਨ੍ਹਾਂ ਨੇ ਕੋਈ ਜਵਾਬ ਵੀ ਨਹੀਂ ਦਿੱਤਾ। ਸਿਹਤ ਠੀਕ ਨਹੀਂ ਹੋਣੀ ਉਨਾਂ ਦੀ। ਮੈਂ ਸੇਖੋਂ ਸਾਹਿਬ ਨੂੰ ਚਿੱਠੀ ਲਿਖੀ। ਪ੍ਰਸਾਰਣ ਦੀ ਨਵੀਂ ਤਾਰੀਖ਼ ਦੇ ਦਿੱਤੀ। ਉਨ੍ਹਾਂ ਨੇ ਰਿਵਿਊ ਲਿਖ ਕੇ ਭੇਜ ਦਿੱਤਾ ਅਤੇ ਰੇਡੀਓ ਸਟੇਸ਼ਨ ਆਉਣ ਤੋਂ ਨਾਂਹ ਕਰ ਦਿੱਤੀ। ਰਿਵਿਊ ਰੇਡੀਓ ‘ਤੇ ਪੜ੍ਹਿਆ ਗਿਆ। ਕਾਪੀ ਦੇ ਦੋ ਵਰਕਿਆਂ ਅਤੇ ਅਣਮਨੀ ਜਿਹੀ ਲਿਖੀ ਹੋਈ ਸਕਰਿਪਟ ਸੀ। ਮੈਂ ਆਪਣੀ ਆਵਾਜ਼ ‘ਚ ਰਿਕਾਰਡ ਕਰ ਕੇ ਪ੍ਰਸਾਰਣ ਕਰ ਦਿੱਤਾ। ਪਤਾ ਨਹੀਂ ਦੁੱਗਲ ਸਾਹਿਬ ਨੇ ਸੁਣਿਆ ਵੀ ਸੀ ਜਾਂ ਨਹੀਂ, ਪਰ ਮੈਂ ਵੱਡਿਆਂ ਬੰਦਿਆਂ ਦਾ ਆਖਿਆ ਪੁਗਾ ਦਿੱਤਾ ਸੀ। ਕਰਤਾਰ ਸਿੰਘ ਦੁੱਗਲ ਆਪਣੀ ਹੀ ਵਿਲੱਖਣ ਕਿਸਮ ਦਾ ਇਨਸਾਨ ਸੀ, ਵਿਕਲੋਤਰਾ ਕਹਾਣੀਕਾਰ ਅਤੇ ਆਪਣੇ ਆਪ ਮਾਣ ‘ਚ ਭਰਿਆ ਹੋਇਆ ਇੱਕ ਵੱਡਾ ਅਫ਼ਸਰ ਸੀ। ਸੁਰਗਾਂ ‘ਚ ਵਾਸਾ ਹੋਵੇ ਵਿਚਾਰੇ ਦਾ!















