ਅਧਿਆਪਕ ਭਰਤੀ ਘਪਲਾ; ਪਾਰਥ ਚੈਟਰਜੀ ਨੂੰ ਮਮਤਾ ਬੈਨਰਜੀ ਨੇ ਮੰਤਰੀ ਅਹੁਦੇ ਤੋਂ ਹਟਾਇਆ

ਕੋਲਕਾਤਾ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ’ਚ ਘੇਰੇ ’ਚ ਆਏ ਸੂਬੇ ਦੇ ਉਦਯੋਗ ਅਤੇ ਵਪਾਰਕ ਮੰਤਰੀ ਪਾਰਥ ਚੈਟਰਜੀ ਨੂੰ ਉਨ੍ਹਾਂ ਦੇ ਸਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਮੁੱਖ ਸਕੱਤਰ ਵਲੋਂ ਜਾਰੀ ਇਕ ਸਰਕੂਲਰ ਮੁਤਾਬਕ ਪਾਰਥ ਚੈਟਰਜੀ ਨੂੰ ਉਦਯੋਗ ਮੰਤਰੀ ਅਤੇ ਹੋਰ ਸਰਕਾਰੀ ਅਹੁਦਿਆਂ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕੋਲ ਸੂਚਨਾ ਅਤੇ ਪ੍ਰਸਾਰਣ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਦੀ ਜ਼ਿੰਮੇਵਾਰੀ ਵੀ ਸੀ।
ਚੈਟਰਜੀ ਖ਼ਿਲਾਫ ਇਹ ਕਾਰਵਾਈ ਉਨ੍ਹਾਂ ਦੀ ਮਹਿਲਾ ਸਹਿਯੋਗੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ 50 ਕਰੋੜ ਰੁਪਏ ਤੋਂ ਵੱਧ ਨਕਦੀ ਅਤੇ ਵੱਡੀ ਮਾਤਰਾ ’ਚ ਸੋਨੇ ਦੇ ਗਹਿਣੇ ਬਰਾਮਦ ਹੋਣ ਮਗਰੋਂ ਕੀਤੀ ਗਈ ਹੈ। ਚੈਟਰਜੀ ਅਤੇ ਅਰਪਿਤਾ ਇਸ ਸਮੇਂ ਈ. ਡੀ. ਦੀ ਹਿਰਾਸਤ ’ਚ ਹਨ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਚੈਟਰਜੀ ਦੇ ਸਿੱਖਿਆ ਮੰਤਰੀ ਰਹਿੰਦੇ ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ’ਚ ਵੱਡੇ ਘਪਲੇ ਅਤੇ ਲੈਣ-ਦੇਣ ਨਾਲ ਜੁੜਿਆ ਹੈ। ਪਾਰਥ ਚੈਟਰਜੀ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ।