ਆਟਾ, ਅੰਡੇ, ਦੁੱਧ, ਖੰਡ, ਮੱਖਣ। ਇਸ ਸਾਰੀ ਸਮੱਗਰੀ ਨੂੰ ਰਲਾ ਕੇ ਤੁਸੀਂ ਕਈ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਬਣਾ ਸਕਦੇ ਹੋ। ਇਸੇ ਪ੍ਰਕਾਰ, ਕਿਸੇ ਵੀ ਕੱਚੇ ਮਾਲ ਨੂੰ ਰਲਾ ਕੇ ਵੱਖੋ-ਵੱਖਰੀਆਂ ਚੀਜ਼ਾਂ ਉਸਾਰੀਆਂ ਜਾਂ ਸਿਰਜੀਆਂ ਜਾ ਸਕਦੀਆਂ ਹਨ, ਸੋ ਸਾਨੂੰ ਸਾਵਧਾਨੀ ਤੋਂ ਕੰਮ ਲੈਂਦਿਆਂ ਕਦੇ ਵੀ ਇਹ ਮੰਨ ਕੇ ਨਹੀਂ ਚਲਣਾ ਚਾਹੀਦਾ ਕਿ ਸਾਨੂੰ ਪਤੈ ਕਿਸੇ ਖ਼ਾਸ ਸਥਿਤੀ ਦਾ ਕੀ ਨਤੀਜਾ ਨਿਕਲੇਗਾ, ਸਿਰਫ਼ ਇਸ ਲਈ ਕਿਉਂਕਿ ਅਸੀਂ ਉਸ ‘ਚ ਪਾਈ ਗਈ ਸਮੱਗਰੀ ਵਿਚਲੀਆਂ ਕੁਝ ਕੁ ਚੀਜ਼ਾਂ ਨੂੰ ਸਿਆਣਦੇ ਹਾਂ। ਜਿਵੇਂ-ਜਿਵੇਂ ਤੁਸੀਂ ਆਪਣੇ ਨਿੱਜੀ, ਭਾਵਨਾਤਮਕ ਵਿਕਾਸ ਦੇ ਅਗਲੇ ਚਰਣ ‘ਚ ਦਾਖ਼ਲ ਹੋ ਰਹੇ ਹੋ, ਤੁਹਾਨੂੰ ਇੰਝ ਲੱਗ ਸਕਦੈ ਕਿ ਤੁਹਾਨੂੰ ਪਤੈ ਜਿਹੜੇ ਨਾਟਕ ਦੀਆਂ ਪਰਤਾਂ ਤੁਹਾਡੀਆਂ ਨਜ਼ਰਾਂ ਸਾਹਮਣੇ ਖੁਲ੍ਹ ਰਹੀਆਂ ਹਨ, ਉਸ ਦਾ ਕਲਾਈਮੈਕਸ ਜਾਂ ਨਤੀਜਾ ਕੀ ਹੋਵੇਗਾ। ਪਰ ਉਸ ਦੇ ਗਰਭ ‘ਚ ਕਈ ਪ੍ਰਕਾਰ ਦੇ ਅਸਚਰਜ ਲੁਕੇ ਹੋਏ ਹਨ। ਅਤੇ ਉਨ੍ਹਾਂ ‘ਚੋਂ ਕਈ ਬਹੁਤ ਹੀ ਸਵਾਦੀ ਨਿਕਲਣ ਵਾਲੇ ਹਨ।
ਉੱਪਰ ਵੱਲ ਨੂੰ ਜਾਂਦਾ ਰਸਤਾ ਹਮੇਸ਼ਾ ਬਿਲਕੁਲ ਸਿੱਧ-ਪੱਧਰਾ ਨਹੀਂ ਹੁੰਦਾ। ਸੜਕ ਕਿਤੇ ਹੇਠਾਂ ਨੂੰ ਜਾ ਸਕਦੀ ਹੈ, ਕੁਝ ਚਿਰ ਲਈ, ਇਸ ਤੋਂ ਪਹਿਲਾਂ ਕਿ ਉਹ ਮੁੜ ਉਤਾਂਹ ਵੱਲ ਨੂੰ ਜਾਵੇ। ਕਿਸੇ ਪਹਾੜੀ ਉੱਪਰ ਚੜ੍ਹਨ ਲਈ ਤੁਹਾਨੂੰ ਪਹਿਲਾਂ ਕਿਸੇ ਘਾਟੀ ‘ਚੋਂ ਲੰਘਣਾ ਪੈ ਸਕਦੈ। ਜਿਵੇਂ-ਜਿਵੇਂ ਤੁਸੀਂ ਉਸ ਵਾਦੀ ‘ਚੋਂ ਗੁਜ਼ਰਦੇ ਹੋ, ਤੁਸੀਂ ਕਿਸੇ ਹੋਰ ਸੜਕ ਨੂੰ ਦੇਖ ਸਕਦੇ ਹੋ, ਉਹ ਜਿਹੜੀ ਸਿੱਧੀ ਇੱਕ ਛੋਟੀ ਜਿਹੀ ਪਹਾੜੀ ‘ਤੇ ਲਿਜਾਂਦੀ ਹੋਵੇ, ਅਤੇ ਅਸੀਂ ਇਹ ਸੋਚ ਸਕਦੇ ਹਾਂ ਕਿ ਇਹੋ ਰਸਤਾ ਫ਼ੜਨਾ ਸਭ ਤੋਂ ਬਿਹਤਰ ਰਹੇਗਾ। ਆਪਣੇ ਦਿਲ ਅੰਦਰ, ਤੁਹਾਨੂੰ ਇਹ ਭਲੀ ਪ੍ਰਕਾਰ ਪਤੈ ਕਿ ਕਿਉਂ ਕਿਸੇ ਸ਼ੈਅ ਨੂੰ ਤੁਹਾਨੂੰ ਹੇਠਾਂ ਡਿੱਗਣ ਦੇਣਾ ਪਵੇਗਾ, ਇਸ ਤੋਂ ਪਹਿਲਾਂ ਕਿ ਉਹ ਮੁੜ ਉੱਪਰ ਚੜ੍ਹੇ। ਕੋਈ ਪ੍ਰੇਰਨਾਦਾਇਕ ਖ਼ੁਲਾਸਾ ਤੁਹਾਨੂੰ ਸਾਕਾਰਾਤਮਕ ਭਾਵਨਾਤਮਕ ਊਰਜਾ ਅਤੇ ਜਾਇਜ਼ ਨਵੀਂ ਉਮੀਦ ਨਾਲ ਭਰ ਸਕਦੈ।
ਤੁਸੀਂ ਦੂਸਰੇ ਲੋਕਾਂ ਵਾਂਗ ਕਿਉਂ ਨਹੀਂ ਬਣ ਸਕਦੇ? ਤੁਹਾਨੂੰ ਇੰਨੀ ਦ੍ਰਿੜਤਾ ਅਤੇ ਢੀਠਤਾਈ ਨਾਲ ਦੂਸਰਿਆਂ ਤੋਂ ਵੱਖਰਾ ਹੋਣ ਦੀ ਕੀ ਲੋੜ ਐ? ਤੁਹਾਡੇ ਸੰਸਾਰ ਵਿਚਲੇ ਬਾਕੀ ਸਾਰੇ ਵਿਅਕਤੀ ਤਾਂ ਜਿਵੇਂ ਉਨ੍ਹਾਂ ਨੂੰ ਕਿਹਾ ਜਾਵੇ ਕਰਦੇ ਨੇ। ਸੋ ਤੁਹਾਡੇ ਨਾਲ ਆਖ਼ਿਰ ਮਸਲਾ ਕੀ ਹੈ? ਆਪਣੇ ਮਨ ‘ਚ ਇਸ ਵਕਤ ਤੁਸੀਂ ਇੱਕ ਘਿਰਣਾਜਨਕ ਖ਼ਿਆਲ ਨੂੰ ਪਾਲ ਰਹੇ ਹੋ। ਇਹ ਨਿਰਸੰਦੇਹ ਵਿਵਾਦ ਨੂੰ ਜਨਮ ਦੇਵੇਗਾ। ਤੁਸੀਂ, ਜੇ ਚਾਹੋ ਤਾਂ, ਇੱਕ ਅਜਿਹੀ ਨੀਤੀ ਦੀ ਪਾਲਣਾ ਕਰ ਸਕਦੇ ਹੋ ਜਿਹੜੀ ਤੁਹਾਡੇ ਖ਼ਿਆਲਾਤ ਨਾਲੋਂ ਵਧੇਰੇ ਸਾਧਾਰਣ ਅਤੇ ਆਮ ਜਿਹੀ ਹੈ। ਪਰ ਅਜਿਹੀ ਕੋਈ ਚੋਣ ਕਰਨ ਦਾ ਤੁਹਾਡਾ ਸੱਚਮੁੱਚ ਕੋਈ ਖ਼ਾਸ ਇਰਾਦਾ ਨਹੀਂ। ਅਤੇ ਇਹ ਠੀਕ ਵੀ ਹੈ। ਤੁਸੀਂ ਸੱਚੇ ਮਨ ਨਾਲ ਆਪਣੇ ਧੁਰ ਅੰਦਰ ਜੋ ਕੁਝ ਵੀ ਮਹਿਸੂਸ ਕਰਦੇ ਹੋ, ਉਸ ਨੂੰ ਕਬੂਲ ਕਰੋ ਅਤੇ ਉਸ ਵਿੱਚ ਭਰੋਸਾ ਰੱਖੋ।
ਕੀ ਤੁਸੀਂ ਕੋਈ ਹਿੰਮਤ ਵਾਲਾ ਕੋਈ ਕਾਰਜ ਕਰਨ ਦੇ ਮੂਡ ‘ਚ ਹੋ। ਤੁਸੀਂ ਕਿਹੋ ਜਿਹੇ ਸਾਹਸੀ ਕੰਮ ਨੂੰ ਅੰਜਾਮ ਦੇਣਾ ਚਾਹੋਗੇ? ਅਜਿਹਾ ਜਿਸ ਲਈ ਸਾਰੀਆਂ ਚੋਣਾਂ ਅਗਾਓਂ ਹੀ ਕਰ ਲਈਆਂ ਗਈਆਂ ਹੋਣ? ਅਜਿਹਾ ਜਿਸ ਵਿੱਚ ਮੌਜੂਦ ਖ਼ਤਰਿਆਂ ਦਾ ਚੰਗੀ ਤਰ੍ਹਾਂ ਮੁਲਾਂਕਣ ਕਰ ਲਿਆ ਗਿਆ ਹੋਵੇ? ਅਜਿਹਾ ਜਿਸ ਦਾ ਨਤੀਜਾ ਪਹਿਲਾਂ ਤੋਂ ਹੀ ਪਤਾ ਹੋਵੇ? ਅਜਿਹਾ ਜਿਸ ਦੇ ਨਿਯਮ ਕਦੇ ਨਾ ਤੋੜੇ ਜਾਣ ਅਤੇ ਬੁਨਿਆਦੀ ਧਾਰਣਾਵਾਂ ਨੂੰ ਕਦੇ ਵੀ ਚੁਣੌਤੀ ਨਾ ਦਿੱਤੀ ਜਾਵੇ? ਇਹ ਤਾਂ ਕਿਸੇ ਕਿਸਮ ਦਾ ਕੋਈ ਸਾਹਸੀ ਕਾਰਨਾਮਾ ਨਾ ਹੋਇਆ। ਇਸ ਵਕਤ ਤੁਸੀਂ ਜਿਸ ‘ਤੇ ਅੱਗੇ ਵੱਧ ਰਹੇ ਹੋ, ਉਹ ਇੱਕ ਅਣਜਾਣ ਖੇਤਰ ਵਿੱਚ ਇੱਕ ਸੱਚੀ ਯਾਤਰਾ ਹੈ। ਨਿਰਸੰਦੇਹ ਇਹ ਤਨਾਅਪੂਰਣ ਹੈ। ਪਰ ਇਹ, ਸੰਭਾਵੀ ਤੌਰ ‘ਤੇ, ਬਹੁਤ ਸ਼ਾਨਦਾਰ ਵੀ ਹੈ। ਉਸ ‘ਚ ਯਕੀਨ ਰੱਖੋ ਅਤੇ ਅੱਗੇ ਵਧਦੇ ਰਹੋ।
ਸਭ ਚੀਜ਼ਾਂ ਦਾ ਅੰਤ ਹੁੰਦਾ ਹੈ। ਕੁਝ ਚੀਜ਼ਾਂ ਦਾ ਅੰਤ, ਪਰ, ਸੁਖਦ ਰੂਪ ‘ਚ ਹੁੰਦਾ ਹੈ। ਦੂਸਰੀਆਂ ਜਦੋਂ ਜਾਂਦੀਆਂ ਹਨ ਤਾਂ ਸਾਡੇ ਜੀਵਨ ‘ਤੇ ਕਾਲੇ ਬੱਦਲ ਛਾ ਜਾਂਦੇ ਹਨ ਜਾਂ ਮਨ ਉਦਾਸੀ ਨਾਲ ਭਰ ਜਾਂਦੇ ਹਨ। ਹਾਲ ਹੀ ਵਿੱਚ ਇੱਕ ਆਸਵੰਦ ਤਬਦੀਲੀ ਹੋਈ ਹੈ। ਇੱਕ ਪਾਸੇ ਤੁਸੀਂ ਉਸ ਲਈ ਖ਼ੁਸ਼ ਹੋ, ਦੂਸਰੇ ਪਾਸੇ ਤੁਸੀਂ ਬੇਚੈਨ ਹੋ। ਤੁਹਾਨੂੰ ਇਹ ਵੀ ਚੰਗੀ ਤਰ੍ਹਾਂ ਪਤੈ ਕਿ ਇੱਕ ਵਕਤ ਆਏਗਾ ਜਦੋਂ ਚੀਜ਼ਾਂ ਨੂੰ ਫ਼ਿਰ ਤੋਂ ਬਦਲਣਾ ਪਵੇਗਾ। ਪਰ ਜੇ ਤੁਸੀਂ ਉਸ ਪ੍ਰਤੀ ਸਹੀ ਪ੍ਰਕਿਰਿਆ ਦਿੱਤੀ ਤਾਂ ਜਿਸ ਦਿਨ ਇਹ ਮੌਕਾ ਮੌਜੂਦ ਨਾ ਵੀ ਹੋਇਆ, ਪੀੜਾ ਨਹੀਂ ਹੋਵੇਗੀ। ਕੇਵਲ ਇੱਕ ਸ਼ਾਨਦਾਰ ਯਾਦ ਅਤੇ ਇੱਕ ਸਥਾਈ ਬਿਹਤਰੀ ਰਹੇਗੀ। ਇਸ ਵਕਤ ਆਪਣੇ ਦਿਲ ‘ਤੇ ਭਰੋਸਾ ਜਤਾਓ ਅਤੇ ਸਭ ਕੁਝ ਆਨੰਦਮਈ ਹੋਵੇਗਾ।














