ਡਾ.ਦੇਵਿੰਦਰ ਮਹਿੰਦਰੂ
ਹੱਡਾਂ ‘ਚ ਬੈਠਾ ਸ਼ਿਮਲਾ
ਪਾਠਕ ਸੋਚਣਗੇ ਕਿ ਹਰਲਿਖਤ ‘ਚ ਸ਼ਿਮਲਾ ਦੀ ਗੱਲ ਹੀ ਕਰਦੀ ਹੈ। ਸੱਚੀਓਂ ਸ਼ਿਮਲਾ ਹੱਡਾਂ ਚੋਂ ਨਹੀਂ ਨਿਕਲਦਾ, ਨਾ ਨਿਕਲਣਾ ਹੈ ਅਤੇ ਨਾ ਹੀ ਨਿਕਲੇ ਸ਼ਿਮਲਾ!
ਜੁਲਾਈ ਦਾ ਮਹੀਨਾ ਹੈ, ਬਰਸਾਤ ਦਾ ਮੌਸਮ ਹੈ, ਸ਼ਿਮਲੇ ਦੇ ਮੀਂਹ ਨੇ ਸਾਰਾ ਆਲਾ ਦੁਆਲਾ ਜਿਵੇਂ ਧੋ ਸਵਾਰ ਕੇ ਰੱਖ ਦਿੱਤਾ ਹੈ। ਚੇਤੇ ਆ ਰਿਹਾ ਹੈ, ਅਜਿਹੇ ਮੀਂਹ ‘ਚ ਸਾਢੇ ਤਿੰਨ ਕਿਲੋਮੀਟਰ ਚੱਲ ਕੇ ਰੇਡੀਓ ਕਲੋਨੀ ਸਮਰਹਿੱਲ ਤੋਂ ਚੌੜਾ ਮੈਦਾਨ ਆਕਾਸ਼ਵਾਣੀ ਦੇ ਦਫ਼ਤਰ ਜਾਣਾ, ਅਤੇ ਤੇਜ਼ ਬਾਰਿਸ਼ ‘ਚ ਛੱਤਰੀ ਸੰਭਾਲਣਾ ਸੌਖਾ ਨਹੀਂ ਸੀ ਹੁੰਦਾ। ਸਾਲ ਕੁ ਬਾਅਦ ਹੀ ਇੱਕ ਸੈਕਿੰਡ ਹੈਂਡ ਮਰੂਤੀ 800 ਖ਼ਰੀਦੀ ਸੀ। BK ਚਲਾ ਲੈਂਦੇ ਸਨ ਗੱਡੀ, ਪਰ ਪਹਾੜਾਂ ‘ਚ ਗੱਡੀ ਚਲਾਉਣਾ ਸੌਖਾ ਤਾਂ ਹੈ ਨਹੀਂ ਸੀ। ਉੱਪਰੋਂ ਡਾਇਬੈਟਿਕ ਅਤੇ ਹਾਈ ਬਲੱਡ ਪਰੈਸ਼ਰ, ਸੋ ਅਸੀਂ ਡਰਾਈਵਰ ਰੱਖ ਲਿਆ। ਅਨੂ ਕੰਡਾਘਾਟ ਪੌਲੀਟੈਕਨਿਕ ‘ਚ ਸੀ ਅਤੇ ਮਨੂ ਐਸ ਡੀ ਕਾਲਜ ਜਲੰਧਰ BA ਕਰ ਰਹੀ ਸੀ ਅਤੇ ਅਸੀਂ ਆਪਣੇ ਆਪਣੇ ਦਫ਼ਤਰਾਂ ‘ਚ ਬਿਜ਼ੀ ਸਾਂ। ਰੇਡੀਓ ਅਤੇ ਦੂਰਦਰਸ਼ਨ ਆਪੋ ‘ਚ ਕਾਫ਼ੀ ਸੁਹਿਰਦ ਸੰਬੰਧ ਰੱਖਦੇ ਹਨ ਸ਼ਿਮਲਾ ‘ਚ। ਇਸ ‘ਚ ਕੋਈ ਸ਼ੱਕ ਨਹੀਂ ਆਪਣੇ ਆਪਣੇ ਦਫ਼ਤਰਾਂ ਦੀ ਕੋਔਰਡੀਨੇਸ਼ਨ ਕਰਦੇ ਅਸੀਂ ਮੀਆਂ ਬੀਵੀ ਦੋਵਾਂ ਦਫ਼ਤਰਾਂ ਨੂੰ ਆਪਸ ‘ਚ ਮਿਲਾਉਣ ਦਾ ਕੰਮ ਵੀ ਬਾਖ਼ੂਬੀ ਕਰ ਰਹੇ ਸਾਂ। ਕਲਾਕਾਰ ਤਾਂ ਉਹੀ ਸਨ ਸ਼ਿਮਲਾ ਦੇ ਜਿਹੜੇ ਰੇਡੀਓ ਵੀ ਜਾਂਦੇ ਸਨ ਅਤੇ TV ‘ਤੇ ਵੀ ਗਾਂਦੇ। ਬਹੁਤਿਆਂ ਨੂੰ ਪਤਾ ਨਹੀਂ ਸੀ ਕਿ ਅਸੀਂ ਪਤੀ ਪੱਤਨੀ ਹਾਂ। ਜਦੋਂ ਕਦੇ ਕਿਸੇ ਨੂੰ ਪਤਾ ਲੱਗਦਾ ਤਾਂ ਪਹਿਲਾਂ ਉਹ ਹੈਰਾਨ ਅਤੇ ਫ਼ਿਰ ਖ਼ੁਸ਼ ਹੁੰਦੇ। ਪ੍ਰਸ਼ਾਸਨ ਨੂੰ ਵੀ ਬਹੁਤ ਸੁਵਿਧਾ ਸੀ ਸਾਡੇ ਇਸ ਰਿਸ਼ਤੇ ਕਰ ਕੇ। ਪਬਲਿਕ ਰੀਲੇਸ਼ਨ ਵਾਲਿਆਂ ਦੀ ਆਦਤ ‘ਚ ਸ਼ੁਮਾਰ ਹੋ ਗਿਆ ਸੀ ਕਿ ਹਿਮਾਚਲ ਦੇ ਮੁੱਖ ਮੰਤਰੀ ਦੇ ਕਿਸੇ ਵੀ ਪ੍ਰੋਗਰਾਮ ਲਈ ਮੈਨੂੰ ਫ਼ੋਨ ਆ ਜਾਂਦਾ ਸੀ। ਮੇਰੇ ਕੋਲ ਮੋਬਾਇਲ ਸੀ। ਪਤੀ ਨੂੰ ਜਿਵੇਂ ਕੋਈ ਦੁਸ਼ਮਣੀ ਸੀ ਮੋਬਾਈਲ ਫ਼ੋਨਾਂ ਨਾਲ। ਬੀ.ਡੀ.ਸ਼ਰਮਾ ਫ਼ੋਨ ਕਰਦੇ, ”ਮੈਡਮ ਮਹਿੰਦਰੂ, ਮੁਖ ਮੰਤਰੀ ਜੀ ਆਉਣਗੇ ਕੱਲ੍ਹ ਗਿਆਰਾਂ ਵਜੇ ਪਹਿਲਾਂ ਰੇਡੀਓ ਅਤੇ ਫ਼ਿਰ ਉੱਧਰ ਵੀ ਦੱਸ ਦੇਣਾ।”
ਇੱਕ ਦਿਨ ਮੈਂ ਕਹਿ ਦਿੱਤਾ, ”ਸ਼ਰਮਾ ਜੀ, ਦੂਰਦਰਸ਼ਨ ‘ਤੇ ਤੁਸੀਂ ਹੀ ਕਰ ਦੇਵੋ ਫ਼ੋਨ।”ਜਵਾਬ ਮਿਲਿਆ ”ਦੇਖੀਏ ਮੈਡਮ, ਹਮਾਰੇ ਲੀਏ ਰੇਡੀਓ, TV ਦੋਨੋਂ ਆਪ ਹੈਂ। ਆਪਕੋ ਬਤਾ ਦੀਆ ਮੈਨੇ।”
ਇਓਂ ਮੈਨੂੰ ਅੱਛਾ ਲੱਗਦਾ ਸੀ। ਕਿਸੇ ਮੀਟਿੰਗ ‘ਚ ਗਈ ਹਾਂ। ਗੱਡੀ ਵੈਨਯੂ ਉੱਤੇ ਡਰੌਪ ਕਰਕੇ ਵਾਪਿਸ ਦਫ਼ਤਰ ਚਲੀ ਗਈ ਹੈ। ਮੀਟਿੰਗ ਖ਼ਤਮ ਹੋਈ ਹੈ। ਸ਼ਰਮਾ ਜੀ ਦੇਖ ਰਹੇ ਹਨ ਰੇਡੀਓ ਦੀ ਗੱਡੀ ਨਹੀਂ। ਉਹ ਆਪਣੇ ਡਰਾਈਵਰ ਨੂੰ ਬੁਲਾ ਕੇ ਕਹਿੰਦੇ ਹਨ ਕਿ ਪਹਿਲਾਂ ਮੈਡਮ ਨੂੰ ਰੇਡੀਓ ਛੱਡ ਕੇ ਆਵੋ, ਮੈਂ ਇੱਥੇ ਹੀ ਖੜ੍ਹਾ ਹਾਂ। ਸ਼ਰਾਫ਼ਤ, ਨਫ਼ਾਸਤ, ਜੋ ਵੀ ਕਹੋ। ਨਾਲ ਬੈਠਦੇ ਤਕ ਨਹੀਂ ਸਨ ਤੇ ਇਹ ਵੀ ਮਹਿਸੂਸ ਨਹੀਂ ਹੋਣ ਦੇਣਾ ਕਿ ਮੈਂ ਡਰੌਪ ਕੀਤਾ ਹੈ। ਕਦੇ ਕਦੇ ਬੜੀ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਵੇਂ ਇੱਕ ਵਾਰੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਕੁੱਲੂ ਆਏ। ਨਾਲ ਹੀ ਪਰਿਣੀ ‘ਚ ਘਰ ਹੈ ਉਨ੍ਹਾਂ ਦਾ। ਬਹੁਤ ਪਿਆਰ ਸੀ ਵਾਜਪਾਈ ਸਾਹਿਬ ਦਾ ਹਿਮਾਚਲ ਨਾਲ ਅਤੇ ਉਹ ਇੱਧਰ ਆਉਂਦੇ ਹੀ ਰਹਿੰਦੇ ਸਨ। TV ਵਲੋਂ ਮਹਿੰਦਰੂ ਸਾਹਿਬ ਅਤੇ ਰੇਡੀਓ ਵਲੋਂ ਕਵਰੇਜ ਲਈ ਮੇਰੇ ਆਰਡਰ ਹੋ ਗਏ। ਵੈਸੇ ਮੈਨੂੰ ਕਿਸੇ ਕਵਰੇਜ ਲਈ ਜਾਣਾ ਪਸੰਦ ਨਹੀਂ ਸੀ। ਅਕਸਰ ਮੈਂ ਛੁੱਟੀ ਲੈ ਕੇ BK ਨਾਲ ਟੂਰ ‘ਤੇ ਚਲੀ ਜਾਂਦੀ ਸੀ। ਆਪਣੀ ਗੱਡੀ ‘ਚ ਜਾਣਾ ਤੇ ਇਨ੍ਹਾਂ ਨੂੰ ਕਵਰੇਜ ‘ਤੇ ਭੇਜ ਕੇ ਆਰਾਮ ਨਾਲ ਸੌਣਾ, ਯਾ ਇਕੱਲੇ ਘੁੰਮ ਕੇ ਅਲੱਗ ਅਲੱਗ ਸ਼ਹਿਰਾਂ ਦੀ ਫ਼ੀਲਿੰਗ ਲੈਣੀ ਮੇਰੀ ਹੌਬੀ ਸੀ। ਪਰ ਇਸ ਵਾਰ ਮੇਰੇ ਸਾਰੇ ਕੁਲੀਗਜ਼ ਮੁੱਕਰ ਗਏ ਅਤੇ ਮੇਰੇ ਆਰਡਰ ਕੁੱਲੂ ਲਈ ਹੋ ਗਏ। ਮੈਂ ਸਾਰੀਆਂ ਫ਼ੌਰਮੈਲਟੀਆਂ ਪੂਰੀਆਂ ਕੀਤੀਆਂ ਜਿਨ੍ਹਾਂ ‘ਚ ਟੈਕਸੀ ਬੁੱਕ ਕਰਨ ਦੀ ਰਿਕੁਐਸਟ ਟਰਾਂਸਪੋਰਟ ਵਿਭਾਗ ਨੂੰ ਭੇਜਣਾ ਵੀ ਸੀ। ਦੂਜੇ ਦਿਨ ਅਸੀਂ ਸਾਰੇ ਕੁੱਲੂ ਜਾਣ ਲਈ ਤਿਆਰ ਖੜ੍ਹੇ ਹਾਂ। TV ਦੀ ਟੀਮ ਗੱਡੀ ਲੈ ਕੇ BK ਨੂੰ ਲੈਣ ਆ ਗਈ ਹੈ। ਰੇਡੀਓ ਦੀ ਟੈਕਸੀ ਦਾ ਕੋਈ ਅਤਾ ਪਤਾ ਨਹੀਂ। ਦਫ਼ਤਰ ਫ਼ੋਨ ਕਰ ਕੇ ਪੁੱਛਦੀ ਹਾਂ, ”ਨਹੀਂ ਅਸੀਂ ਤਾਂ ਨਹੀਂ ਕੀਤੀ ਤੁਹਾਡੇ ਲਈ ਟੈਕਸੀ ਬੁੱਕ, ਮੈਡਮ, ਵੈਸੇ ਵੀ ਤੁਸੀਂ ਤਾਂ ਆਪਣੀ ਗੱਡੀ ‘ਚ ਹੀ ਜਾਂਦੇ ਹੁੰਦੇ ਹੋ, ”, ਬੱਤਮੀਜੀ ਵਾਲਾ ਜਵਾਬ ਮਿਲਦਾ ਹੈ। ਸਟੇਸ਼ਨ ਡਾਇਰੈਕਟਰ ਨੂੰ ਫ਼ੋਨ ਕਰ ਕੇ ਪੁੱਛਦੀ ਹਾਂ, ”ਸਰ, ਹੁਣ ਇਸ ਵੇਲੇ ਕੀ ਹੋ ਸਕਦੈ? ”ਤੁਸੀਂ TV ਵਾਲਿਆਂ ਨਾਲ ਚਲੇ ਜਾਵੋ। ਆ ਕੇ ਟਰਾਂਸਪੋਰਟ ਵਾਲਿਆਂ ਦੀ ਸ਼ਿਕਾਇਤ ਲਿਖ ਕੇ ਦੇ ਦੇਣਾ। ਬਾਅਦ ‘ਚ ਪਤਾ ਲੱਗਿਆ ਡਾਇਰੈਕਟਰ ਸਾਹਿਬ ਨੇ ਹੀ ਮਨ੍ਹਾ ਕੀਤਾ ਸੀ ਮੇਰੇ ਲਈ ਟੈਕਸੀ ਬੁੱਕ ਕਰਨ ਨੂੰ। ਸਾਰੇ ਲੇਟ ਹੋ ਰਹੇ ਹਾਂ। BK ਮੈਨੂੰ ਆਪਣੀ ਟੀਮ ਨਾਲ ਲਿਜਾਣ ਲਈ ਬਿਲਕੁਲ ਤਿਆਰ ਨਹੀਂ ਸਨ ਪਰ ਕੋਈ ਚਾਰਾ ਨਹੀਂ ਸੀ। ਅਸੀਂ ਦੋਵੇਂ ਪੂਰਾ ਰਸਤਾ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ।
ਚਲੋ, ਸ਼ਾਮ ਤਕ ਸਭ ਠੀਕ ਹੋ ਜਾਂਦਾ ਹੈ। ਦੂਜੇ ਦਿਨ ਵਾਜਪਾਈ ਸਾਹਿਬ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ, ਸੁਨਣ ਦਾ ਮੌਕਾ ਮਿਲਦਾ ਹੈ। ਉਹ ਆਪਣੇ ਭਾਸ਼ਣ ਤੋਂ ਬਾਅਦ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਸਾਡੇ ਵਰਗੇ ਆਮ ਲੋਕਾਂ ਨੂੰ ਮਿਲ ਗਿਲ ਸਕਣ ਪਰ ਆਰਥਰਾਇਟਿਸ ਕਰ ਕੇ ਟੱਪ ਨਹੀਂ ਸਕਦੇ। ਓਦੋਂ ਤਕ ਉਨ੍ਹਾਂ ਦੀ ਸੈਕਿਓਰਿਟੀ ਆ ਕੇ ਉਨ੍ਹਾਂ ਨੂੰ ਰੋਕ ਦਿੰਦੀ ਹੈ, ਪਰ ਇਹ ਗੱਲ ਹਮੇਸ਼ਾ ਲਈ ਸਭ ਦੇ ਮਨ ਦੇ ਚਿਤਰਪਟ ‘ਤੇ ਉਕਰ ਜਾਂਦੀ ਹੈ।
ਵਾਪਿਸ ਦਫ਼ਤਰ ਆ ਕੇ ਮੈਂ ਸ਼ਿਕਾਇਤ ਦਰਜ ਕਰਵਾਉਂਦੀ ਹਾਂ ਟਰਾਂਸਪੋਰਟ ਵਾਲੇ ਕਲਰਕ ਦੇ ਖਿਲਾਫ਼। ਇਹ ਜ਼ਰੂਰੀ ਹੈ ਕਿਉਂਕਿ ਕਿਸੇ ਹੋਰ ਟੂਰ ‘ਤੇ ਜਾਣ ਵੇਲੇ ਇਹ ਰੀਪੀਟ ਨਹੀਂ ਹੋਣਾ ਚਾਹੀਦਾ। ਜਾ ਕੇ ਸਟੇਸ਼ਨ ਡਾਇਰੈਕਟਰ ਨੂੰ ਕਹਿੰਦੀ ਹਾਂ, ”ਸਰ ਉਹ ਤਾਂ ਕਹਿ ਰਿਹੈ ਤੁਸੀਂ ਮਨ੍ਹਾ ਕੀਤਾ ਸੀ ਟੈਕਸੀ ਬੁੱਕ ਕਰਵਾਉਣ ਲਈ, ਸਰ। ਹੁਣ ਮੈਂ ਝੂਠਾ ਬਿਲ ਭਰ ਦੇਵਾਂ ਟੈਕਸੀ ਦਾ, ਫ਼ੇਰ ਠੀਕ ਰਹੇਗਾ ਸਰ, ਤੁਸੀਂ ਤਾਂ ਸਰ ਕੋਈ ਮੌਕਾ ਨਹੀਂ ਜਾਣ ਦਿੰਦੇ ਸਾਡੀ ਮੀਆਂ ਬੀਵੀ ਦੀ ਲੜਾਈ ਕਰਵਾਉਣ ਦਾ।”ਉਹ ਹੱਸ ਰਹੇ ਸਨ। ਮੈਂ ਅਗੇ ਹੋਰ ਆਖਿਆ, ”ਘਰ ਜਾ ਕੇ ਤੁਹਾਡੀ ਮੈਡਮ ਨੂੰ ਸ਼ਿਕਾਇਤ ਲਾਉਣੀ ਪੈਣੀ ਐ। ਇਸ ਤਰ੍ਹਾਂ ਨਹੀਂ ਠੀਕ ਹੋਣਾ, ਸਰ, ਤੁਸੀਂ।”ਮੈਨੂੰ ਸੱਚਮੁੱਚ ਬਹੁਤ ਗੁੱਸਾ ਆਇਆ ਹੋਇਆ ਸੀ। ਮੁਲਕ ਦੇ ਪ੍ਰਧਾਨ ਮੰਤਰੀ ਦੀ ਕਵਰੇਜ ਸੀ, ਮਜ਼ਾਕ ਥੋੜ੍ਹੀ ਸੀ। ਸੋ, ਇਉਂ ਹੱਡਾਂ ‘ਚ ਨਹੀਂ ਬੈਠਾ ਹੋਇਆ ਸ਼ਿਮਲਾ ਤਾਂ ਇਹ ਹੋਰ ਕੀ ਹੈ?















