ਨਵੀਂ ਦਿੱਲੀ : ਭਾਰਤੀ ਇਸਲਾਮਕ ਉਪਦੇਸ਼ਕ ਤੇ ਪ੍ਰਸਾਰਕ ਡਾ. ਜਾਕਿਰ ਨਾਈਕ ਦੇ ਉਪਦੇਸ਼ਾਂ ਤੋਂ ਮੁਸਲਿਮ ਨੌਜਵਾਨਾਂ ਦੇ ਗੁਮੰਰਾਹ ਹੋਣ ਦੇ ਮਾਮਲਿਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਨਾਈਕ ਦੇ ਭਾਸ਼ਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਤੈਅ ਕੀਤਾ ਜਾਏਗਾ ਕਿ ਇਸ ਮਾਮਲੇ ਵਿੱਚ ਕੀ ਸਹੀ ਕਾਰਵਾਈ ਹੋਣੀ ਚਾਹੀਦੀ। ਇਸ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਵੀ ਵੱਖਰੀ ਜਾਂਚ ਕਰਾ ਰਹੀ ਹੈ। ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਸਰਕਾਰ ਅੱਤਵਾਦ ਨਾਲ ਕਿਸੇ ਤਰਾਂ ਦਾ ਸਮਝੌਤਾ ਨਹੀਂ ਕਰੇਗੀ ਤੇ ਗ੍ਰਹਿ ਮੰਤਰਾਲੈ ਪੂਰੇ ਮਾਮਲੇ ਦੀ ਜਾਂਚ ਕਰੇਗਾ। ਸੂਚਨਾ ਤੇ ਪ੍ਰਸਾਰਣ ਮੰਤਰੀ ਵੈਂਕਯਾ ਨਾਇਡੂ ਨੇ ਵੀ ਜਾਕਿਰ ਨਾਈਕ ਦੇ ਭਾਸ਼ਣਾਂ ਨੂੰ ਆਪਤੀਜਣਕ ਦੱਸਿਆ ਹੈ। ਉਨਾਂ ਕਿਹਾ ਕਿ ਨਾਈਕ ਦੇ ਭਾਸ਼ਣਾ ਨਾਲ ਜੁੜੀ ਜੋ ਵੀ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ ਉਹ ਪੂਰੀ ਤਰਾਂ ਸੰਦੇਹ ਪੈਦਾ ਕਰਦੀ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਮੁੰਬਈ ਪੁਲੀਸ ਕਮੀਸ਼ਨਰ ਨੂੰ ਅਦੇਸ਼ ਦਿੱਤਾ ਹੈ ਕਿ ਉਹ ਨਾਈਕ ‘ਤੇ ਲੱਗ ਰਹੇ ਅਰੋਪਾਂ ਦੀ ਜਾਂਚ ਰਿਪੋਰਟ ਤੁਰੰਤ ਸੌਂਪੇ। ਸ਼ਿਵਸੈਨਾ ਨੇ ਵੀ ਨਾਈਕ ਦੇ ਭਾਸ਼ਣਾਂ ਤੇ ਉਸਦੀ ਵਿਚਾਰਧਾਰਾ ਦੀ ਨਿੰਦਾ ਕੀਤੀ ਹੈ ਤੇ ਉਸਨੂੰ ਛੇਤੀ ਹੀ ਭਾਰਤ ਵਾਪਸੀ ‘ਤੇ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ। ਦਰਅਸਲ ਢਾਕਾ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵਿਚੋਂ ਇਕ ਅੱਤਵਾਦੀ ਦੇ ਇਸਲਾਮੀ ਪ੍ਰਚਾਰਕ ਜਾਕਿਰ ਨਾਈਕ ਤੋਂ ਪ੍ਰਭਾਵਿਤ ਹੋਣ ਦੀ ਖਬਰਾਂ ਸਾਹਮਣੇ ਆਉਣ ਦੇ ਬਾਅਦ ਉਨਾਂ ਦੇ ਸੰਗਠਨ ‘ਤੇ ਪ੍ਰਤੀਬੰਧ ਲਗਾਉਣ ਦੀ ਮੰਗ ਜ਼ੋਰਾਂ ‘ਤੇ ਹੈ। ਰਜਾ ਅਕਾਦਮੀ ਨੇ ਨਾਈਕ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਪੁਲੀਸ ਨੇ ਤੁਰੰਤ ਡਾਕਟਰ ਨਾਈਕ ਦੇ ਇਸਲਾਮਕ ਰਿਸਰਚ ਫਾਉਂਡੇਸ਼ਨ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਦੂਜੇ ਪਾਸੇ ਡਾਕਟਰ ਨਾਈਕ ਨੇ ਸਊਦੀ ਤੋਂ ਆਪਣੇ ਉਤੇ ਲੱਗ ਰਹੇ ਅਰੋਪਾਂ ਦਾ ਖੰਡਣ ਕਰਦਿਆਂ ਕੁਛ ਵੀਡੀਓ ਕਲੀਪ ਭੇਜੀ ਹੈ। ਆਪਣੀ ਸਫਾਈ ਵਿੱਚ ਉਸਨੇ ਕਿਹਾ ਕਿ ਉਨਾਂ ਦੀਆਂ ਗੱਲਾਂ ਦਾ ਗਲਤ ਅਰਥ ਕੱਢਿਆ ਗਿਆ ਤੇ ਉਨਾਂ ਦੇ ਕਈ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਉਹ ਕਿਸੇ ਵੀ ਰੂਪ ਵਿੱਚ ਅੱਤਵਾਦ ਦਾ ਸਮਰਥਨ ਨਹੀਂ ਕਰਦੇ।















