ਲੰਡਨਂ ਇੰਗਲੈਂਡ ਕ੍ਰਿਕਟ ਟੀਮ ਦੇ ਵਨਡੇ ਅਤੇ ਟੀ-20 ਕਪਤਾਨ ਇਓਨ ਮੋਰਗਨ ਨੇ ਬੰਗਲਾਦੇਸ਼ ‘ਚ ਹੋਏ ਅੱਤਵਾਦੀ ਹਮਲੇ ਦੇ ਕਾਰਨ ਟੀਮ ਦੇ ਅਕਤੂਬਰ ‘ਚ ਬੰਗਲਾਦੇਸ਼ ਦੌਰੇ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਇਕ ਰੈਸਟੋਰੈਂਟ ‘ਚ ਅੱਤਵਾਦੀਆਂ ਨੇ ਗੈਰਮੁਸਲਿਮ ਵਿਦੇਸ਼ੀ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ, ਜਿਸ ‘ਚ 20 ਲੋਕਾਂ ਦੀ ਮੌਤ ਹੋ ਗਈ ਸੀ। ਮੋਰਗਨ ਨੇ ਇਸ ਘਟਨਾ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਬੰਗਲਾਦੇਸ਼ ਦੇ ਆਉਣ ਵਾਲੇ ਦੌਰੇ ਲਈ ਚਿੰਤਿਤ ਹਨ। ਇਸ ਤੋਂ ਪਹਿਲਾਂ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਬੁਲਾਰੇ ਨੇ ਕਿਹਾ ਕਿ ਸੱਤ ਅਕਤੂਬਰ ਤੋਂ ਇਕ ਨਵੰਬਰ ਤੱਕ ਚੱਲਣ ਵਾਲੇ ਇਸ ਤੈਅ ਦੌਰੇ ਲਈ ਬੋਰਡ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੇਗਾ। ਇਸ ਦੌਰੇ ‘ਚ ਇੰਗਲੈਂਡ ਟੀਮ ਨੇ 3 ਵਨਡੇ ਅਤੇ 2 ਟੈਸਟ ਖੇਡਣੇ ਹਨ। ਮੋਰਗਨ ਨੇ ਕਿਹਾ ਕਿ ਅਸੀਂ ਵੱਡੇ ਫ਼ੈਸਲੇ ਈ. ਸੀ. ਬੀ. ‘ਤੇ ਹੀ ਛੱਡਦੇ ਹਾਂ।
ਕਪਤਾਨ ਨੇ ਕਿਹਾ ਕਿ ਬੋਰਡ ਰਿਪੋਰਟ ਬਣਾਏਗਾ ਅਤੇ ਖਿਡਾਰੀਆਂ ਦੇ ਜਾਣ ਤੋਂ ਪਹਿਲਾਂ ਕੁਝ ਲੋਕਾਂ ਨੂੰ ਬੰਗਲਾਦੇਸ਼ ਭੇਜ ਕੇ ਦੇਖੇਗਾ ਕਿ ਸਾਡਾ ਉਥੇ ਜਾਣਾ ਸੁੱਖਿਆਤ ਹੈ ਜਾਂ ਨਹੀਂ। ਉਹ ਦੇਖਣਗੇ ਕਿ ਉਥੇ ਪੁੱਖਤਾ ਸੁਰੱਖਿਆ ਇੰਤਜ਼ਾਮ ਹਨ ਜਾਂ ਨਹੀਂ। ਇਹ ਚਿੰਤਾ ਦਾ ਕਾਰਨ ਹੈ ਅਤੇ ਇਸ ਸਮੇਂ ਅਸੀਂ ਇਸ ਗੱਲ ਨੂੰ ਲੈ ਕੇ ਚਿੰਤਿਤ ਹਾਂ। ਉੱਧਰ ਇਸ ਤੋਂ ਇਕ ਦਿਨ ਪਹਿਲਾਂ ਹੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਪ੍ਰਧਾਨ ਨਜ਼ਮੁਲ ਹਸਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇੰਗਲੈਂਡ ਟੀਮ ਆਪਣੇ ਨਿਰਧਾਰਿਤ ਸਮੇਂ ‘ਤੇ ਹੀ ਦੌਰੇ ‘ਤੇ ਆਵੇਗੀ।















