ਸਮਾਜ ਸੁਧਾਰਕ ਬਸਵੇਸ਼ਵਰ ਖਿਲਾਫ ਟਿੱਪਣੀ: ਲੇਖਕ ਰਵੀ ਹੰਜ ਦਾ ਕਤਲ ਕਰਨ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ

ਬੇਲਗਾਵੀ – ਲਿੰਗਾਇਤ ਭਾਈਚਾਰੇ ਦੇ ਇਕ ਨੇਤਾ ਨੇ ਐਲਾਨ ਕੀਤਾ ਹੈ ਕਿ ਜਿਹੜਾ ਵਿਅਕਤੀ 12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੇਸ਼ਵਰ ਖਿਲਾਫ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਲੇਖਕ ਰਵੀ ਹੰਜ ਦਾ ਕਤਲ ਕਰੇਗਾ, ਉਸ ਨੂੰ ਉਹ 5 ਲੱਖ ਰੁਪਏ ਦਾ ਇਨਾਮ ਦੇਣਗੇ। ਇਸ ਐਲਾਨ ਤੋਂ ਤੁਰੰਤ ਬਾਅਦ ਮੋਟਾਗੀ ਮੱਠ ਦੇ ਮੁਖੀ ਪ੍ਰਭੂ ਚੰਨਬਸਵ ਸਵਾਮੀ ਨੇ ਦਖਲ ਦਿੱਤਾ ਅਤੇ ਕਿਸੇ ਦਾ ਵੀ ਸਿਰ ਕਲਮ ਕਰਨ ਦੇ ਸੱਦੇ ਦੀ ਨਿੰਦਾ ਕੀਤੀ। ਉਨ੍ਹਾਂ ਲੋਕਾਂ ਨੂੰ ਲਿੰਗਾਇਤ ਨੇਤਾ ਪ੍ਰਕਾਸ਼ ਮਹਾਜਨ ਦੇ ਐਲਾਨ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਅਪੀਲ ਕੀਤੀ।
ਮਹਾਜਨ ਨੇ ਬੇਲਗਾਵੀ ਜ਼ਿਲੇ ਦੇ ਅਥਣੀ ’ਚ ਮੱਠ ਮੁਖੀ ਵੱਲੋਂ ਸ਼ਨੀਵਾਰ ਨੂੰ ਸੱਦੀ ਗਈ ਵਿਰੋਧ ਸਭਾ ਨੂੰ ਸੰਬੋਧਨ ਕਰਦਿਆਂ ਹੰਜ ਦੇ ਕਤਲ ਦਾ ਖੁੱਲ੍ਹੇਆਮ ਸੱਦਾ ਦਿੱਤਾ ਅਤੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਪਣਾ ਮੋਬਾਈਲ ਨੰਬਰ ਵੀ ਜਨਤਕ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਹੰਜ ਦਾ ਕਤਲ ਕਰੇਗਾ, ਉਹ ਇਨਾਮ ਦੀ ਰਕਮ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰੇ। ਉਨ੍ਹਾਂ ਆਪਣੇ ਭਾਸ਼ਣ ਦੇ ਅੰਤ ’ਚ ਵੀ ਇਹ ਧਮਕੀ ਦੁਹਰਾਈ। ਮਹਾਜਨ ਨੇ ਵਿਦਵਾਨ ਐੱਮ. ਐੱਮ. ਕਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਵੀ ਜ਼ਿਕਰ ਕੀਤਾ।