ਪੌਪ ਸਟਾਰ ਬ੍ਰਿਟਨੀ ਨੇ ਸੈਮ ਅਸਗਰੀ ਨਾਲ ਕਰਵਾਇਆ ਵਿਆਹ

ਪੌਪ ਸਟਾਰ ਬ੍ਰਿਟਨੀ ਸਪੀਅਰਜ਼ ਨੇ ਆਪਣੇ ਲੰਮੇ ਸਮੇਂ ਤੋਂ ਦੋਸਤ ਅਦਾਕਾਰ ਸੈਮ ਅਸਗਰੀ ਨਾਲ ਵਿਆਹ ਕਰਵਾ ਲਿਆ ਹੈ। ਇਹ ਜੋੜਾ ਕੱਲ੍ਹ ਰਾਤੀ ਵਿਆਹ ਬੰਧਨ ‘ਚ ਬੱਝਿਆ। ਅਸਗਰੀ ਦੇ ਨੁਮਾਇੰਦੇ ਬ੍ਰੈਂਡਨ ਕੋਹੇਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਹੇਨ ਨੇ ਆਖਿਆ, ”ਮੈਂ ਜਾਣਦਾ ਹਾਂ ਕਿ ਉਹ ਕਾਫ਼ੀ ਸਮੇਂ ਤੋਂ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਂ ਖ਼ੁਸ਼ਕਿਸਮਤ ਹਾਂ ਕਿ ਸੈਮ ਮੇਰੀ ਜ਼ਿੰਦਗੀ ‘ਚ ਆਇਆ ਅਤੇ ਮੈਂ ਉਨ੍ਹਾਂ ਨੂੰ ਇਕੱਠਿਆਂ ਨਵੀਂ ਜ਼ਿੰਦਗੀ ਸ਼ੁਰੂ ਕਰਦਿਆਂ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ।”
ਇਸ ਜੋੜੇ ਨੇ ਕੈਲੀਫ਼ੋਰਨੀਆ ਦੇ ਥਾਊਜ਼ੈਂਡ ਓਕਸ ਸਥਿਤ ਸਪੀਅਰਜ਼ ਦੀ ਰਿਹਾਇਸ਼ ‘ਤੇ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਵਿਆਹ ਕਰਵਾਇਆ। ਵਿਆਹ ਸਮਾਗਮ ਦੌਰਾਨ ਬ੍ਰਿਟਨੀ ਸਪੀਅਰਜ਼ ਦੇ ਪਹਿਲੇ ਪਤੀ ਜੇਸਨ ਅਲੈਗਜ਼ੈਂਡਰ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਸਪੀਅਰਜ਼ ਅਤੇ ਅਲੈਗਜ਼ੈਂਡਰ ਨੇ ਸਾਲ 2004 ‘ਚ ਵਿਆਹ ਕਰਵਾਇਆ ਸੀ ਤੇ ਇਹ ਮਹਿਜ਼ 55 ਘੰਟੇ ਹੀ ਚੱਲਿਆ ਸੀ। ਉਸ ਤੋਂ ਬਾਅਦ ਬ੍ਰਿਟਨੀ ਨੇ ਫ਼ੈਡਰਲਾਈਨ ਨਾਲ ਵਿਆਹ ਕਰਵਾ ਲਿਆ ਸੀ, ਪਰ ਉਨ੍ਹਾਂ ਦੋਹਾਂ ਨੇ 2007 ‘ਚ ਤਲਾਕ ਲੈ ਲਿਆ।