1994 ਤੋਂ ਬਾਅਦ ਫ਼ੈਡਰਲ ਰੀਜ਼ਰਵ ਵਲੋਂ ਵਿਆਜ ਦਰਾਂ ’ਚ ਸਭ ਤੋਂ ਵੱਡਾ ਵਾਧਾ

ਵਾਸ਼ਿੰਗਟਨ (ਅਜੀਤ ਵੀਕਲੀ): ਅਮਰੀਕੀ ਫ਼ੈਡਰਲ ਰੀਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ ’ਚ 0.75 ਫ਼ੀਸਦੀ ਦਾ ਸਭ ਤੋਂ ਵੱਡੇ ਵਾਧੇ ਦਾ ਐਲਾਨ ਕੀਤਾ ਹੈ। ਇਹ 28 ਸਾਲ ’ਚ ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰ ’ਚ ਸਭ ਤੋਂ ਵੱਡਾ ਵਾਧਾ ਹੈ। ਫ਼ੈਡਰਲ ਰਿਜ਼ਰਵ ਨੇ ਇਹ ਫ਼ੈਸਲਾ ਮਹਿੰਗਾਈ ’ਤੇ ਕਾਬੂ ਪਾਉਣ ਲਈ ਚੁੱਕਿਆ ਹੈ ਕਿਉਂਕਿ ਅਮਰੀਕਾ ’ਚ ਮਹਿੰਗਾਈ 40 ਸਾਲ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ ਜੋ ਮਈ ਦੇ ਮਹੀਨੇ ’ਚ 8.6 ਫ਼ੀਸਦੀ ਰਹੀ ਹੈ।

ਵਿਆਜ ਦਰਾਂ ’ਚ ਵਾਧੇ ਨਾਲ ਡਾਲਰ ਨੂੰ ਮਜਬੂਤੀ ਮਿਲੇਗੀ ਅਤੇ ਇਸ ਨਾਲ ਦੁਨੀਆਂ ਦੀਆਂ ਕਈ ਦੂਸਰੀਆਂ ਕਰੰਸੀਆਂ ਦੇ ਹੋਰ ਜ਼ਿਆਦਾ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ। ਭਾਰਤੀ ਮੁਦਰਾ ਪਹਿਲਾਂ ਹੀ ਡਾਲਰ ਦੇ ਮੁਕਾਬਲੇ 78.13 ਦੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਅਮਰੀਕਾ ਕਰਿਆਣੇ ਦੀ ਦੁਕਾਨ ਤੋਂ ਲੈ ਕੇ ਗੈਸ ਪੰਪ ਤਕ ਦੀ ਵਧਦੀ ਲਾਗਤ ਨਾਲ ਜੂਝ ਰਹੇ ਹਨ ਅਤੇ ਫ਼ੈਡ ਨੂੰ ਕੀਮਤਾਂ ਨੂੰ ਸਥਿਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ।