ਕਾਨ ਟਰਾਇਐਂਗਲ ਆਫ਼ ਸੈਡਨੈੱਸ’ ਨੂੰ ਪਾਮ ਡੀ’ਓਰ ਐਵਾਰਡ

ਇੱਥੇ ਲੰਘੀ ਦੇਰ ਰਾਤ 75ਵੇਂ ਕਾਨ ਫ਼ਿਲਮ ਫ਼ੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਸਵੀਡਿਸ਼ ਨਿਰਦੇਸ਼ਕ ਰੂਬਨ ਓਸਟਲੁੰਦ ਦੀ ਫ਼ਿਲਮ ਟਰਾਇਐਂਗਲ ਔਫ਼ ਸੈਡਨੈੱਸ ਨੂੰ ਪਾਮ ਦ’ਔਰ ਐਵਾਰਡ ਨਾਲ ਸਨਮਾਨਿਆ ਗਿਆ। ਕਾਨ ਫ਼ਿਲਮ ਸਮਾਰੋਹ ਦਾ ਵਿਸ਼ੇਸ਼ ਐਵਾਰਡ ਜਿੱਤਣ ਵਾਲੀ ਰੂਬਨ ਦੀ ਇਹ ਦੂਜੀ ਫ਼ਿਲਮ ਹੈ। ਉਸ ਨੇ 2017 ‘ਚ ਦਾ ਸਕੁਏਅਰ ਲਈ ਪਾਮ ਦ’ਔਰ ਜਿੱਤਿਆ ਸੀ। ਰੂਬਨ ਹੁਣ ਨੌਵੇਂ ਨਿਰਦੇਸ਼ਕ ਬਣ ਗਿਐ ਜਿਸ ਨੇ ਦੋ ਵਾਰ ਪਾਮ ਦ’ਔਰ ਐਵਾਰਡ ਜਿੱਤਿਆ ਹੈ।
ਸਰਵੋਤਮ ਨਿਰਦੇਸ਼ਕ ਦਾ ਐਵਾਰਡ ਡਿਸੀਜ਼ਨ ਟੂ ਲੀਵ ਲਈ ਕੋਰਿਆਈ ਨਿਰਦੇਸ਼ਕ ਪਾਰਕ ਚਾਨ-ਵੁੱਕ ਨੂੰ ਮਿਲਿਆ। ਦੂਜੀ ਸਰਵੋਤਮ ਫ਼ਿਲਮ ਦਾ ਐਵਾਰਡ ਫ਼ਰਾਂਸੀਸੀ ਨਿਰਦੇਸ਼ਕ ਕਲੇਰ ਡੈਨਿਸ ਦੀ ਸਟਾਰਜ਼ ਐਟ ਨੂਨ ਅਤੇ ਬੈਲਜੀਅਮ ਦੇ ਨੌਜਵਾਨ ਨਿਰਮਾਤਾ ਲੁਕਾਚ ਧੌਂਟ ਦੀ ਫ਼ਿਲਮ ਕਲੋਜ਼ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ। ਜਾਪਾਨੀ ਨਿਰਦੇਸ਼ਕ ਚੀ ਹਯਾਕਾਵਾ ਨੇ ਆਪਣੀ ਪਹਿਲੀ ਫ਼ਿਲਮ ਪਲਾਨ 75 ਲਈ ਏ ਕੈਮਰਾ ਦ’ਔਰ ਸਪੈਸ਼ਲ ਮੈਨਸ਼ਨ ਪੁਰਸਕਾਰ ਜਿੱਤਿਆ। ਕੋਰੀਅਨ ਅਦਾਕਾਰ ਸੌਂਗ ਕਾਂਗ-ਹੋ ਨੂੰ ਜਾਪਾਨੀ ਨਿਰਦੇਸ਼ਕ ਹਿਰੋਕਾਜ਼ੂ ਕੋਰੇ-ਏਡਾ ਦੀ ਫ਼ਿਲਮ ਬਰੋਕਰ ‘ਚ ਅਦਾਕਾਰੀ ਬਦਲੇ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ। ਇਸੇ ਤਰ੍ਹਾਂ ਇਰਾਨੀ-ਡੈਨਿਸ਼ ਫ਼ਿਲਮ ਨਿਰਮਾਤਾ ਅਲੀ ਅੱਬਾਸੀ ਦੀ ਹੋਲੀ ਸਪਾਈਡਰ ‘ਚ ਭੂਮਿਕਾ ਨਿਭਾਉਣ ਲਈ ਇਰਾਨੀ ਅਭਿਨੇਤਰੀ ਜ਼ਾਰ ਆਮਿਰ ਇਬਰਾਹਮੀ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਬੈੱਸਟ ਸਕਰੀਨਪਲੇਅ ਐਵਾਰਡ ਮਿਸਰੀ-ਸਵੀਡਿਸ਼ ਨਿਰਦੇਸ਼ਕ ਤਾਰਿਕ ਸਾਲੇਹ ਦੀ ਬੁਆਏ ਫ਼ਰੌਮ ਹੈਵਨ ਨੂੰ ਮਿਲਿਆ। ਨੇਪਾਲ ਦੇ ਅਵਿਨਾਸ਼ ਬਿਕਰਮ ਸ਼ਾਹ ਦੀ ਸ਼ੌਰਟ ਫ਼ਿਲਮ ਲੋਰੀ ਨੇ ਇੱਕ ਵਿਸ਼ੇਸ਼ ਐਵਾਰਡ ਜਿੱਤਿਆ। ਜੱਜਾਂ ਦੀ ਅਗਵਾਈ ਫ਼ਰਾਂਸੀਸੀ ਅਦਾਕਾਰ ਵਿਨਸੈਂਟ ਲਿੰਡਨ ਨੇ ਕੀਤੀ ਸੀ, ਅਤੇ ਜਿਊਰੀ ‘ਚ ਭਾਰਤੀ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਸ਼ਾਮਲ ਸੀ।