ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਖਿਆ ਕਿ ਉਸ ਦੀ ਅਗਲੀ ਫ਼ਿਲਮ ਡਾਰਲਿੰਗਜ਼ ਸਟ੍ਰੀਮਿੰਗ ਪਲੈਟਫ਼ੌਰਮ ਨੈੱਟਫ਼ਲਿਕਸ ‘ਤੇ ਰਿਲੀਜ਼ ਕੀਤੀ ਜਾਵੇਗੀ। ਬਤੌਰ ਨਿਰਮਾਤਾ ਇਹ ਆਲੀਆ ਦੀ ਪਹਿਲੀ ਫ਼ਿਲਮ ਹੈ। 29 ਸਾਲਾ ਅਦਾਕਾਰਾ, ਸ਼ਾਹਰੁਖ਼ ਖ਼ਾਨ ਦੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸਹਿਯੋਗ ਨਾਲ, ਆਪਣੇ ਬੈਨਰ ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਦੁਆਰਾ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ‘ਚ ਆਲੀਆ ਨਾਲ ਸ਼ੈਫ਼ਾਲੀ ਸ਼ਾਹ, ਵਿਜੈ ਵਰਮਾ ਅਤੇ ਰੋਸ਼ਨ ਵੀ ਹਨ। ਡਾਰਲਿੰਗਜ਼ ਇੱਕ ਕਾਮੇਡੀ ਫ਼ਿਲਮ ਹੈ। ਲੇਖਕ ਜਸਮੀਤ ਕੇ.ਰੀਨ ਇਸ ਫ਼ਿਲਮ ਰਾਹੀਂ ਆਪਣੇ ਨਿਰਦੇਸ਼ਨ ਦੇ ਕਰੀਅਰ ਦੀ ਸ਼ੁਰੂਆਤ ਕਰੇਗੀ। ਇਸ ‘ਚ ਰੂੜ੍ਹੀਵਾਦੀ ਸੋਚ ਵਾਲੇ ਮੱਧ ਵਰਗੀ ਸ਼੍ਰੇਣੀ ਦੇ ਆਂਢ-ਗੁਆਂਢ ਨੂੰ ਦਿਖਾਇਆ ਗਿਆ ਹੈ। ਇਹ ਇੱਕ ਮਾਂ-ਧੀ ਦੇ ਜੀਵਨ ਦੀ ਕਹਾਣੀ ਹੈ ਜਿਹੜੀਆਂ ਹਾਲਾਤ ਨਾਲ ਜੂਝਦੀਆਂ ਹੋਈਆਂ ਸ਼ਹਿਰ ‘ਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਆਲੀਆ ਅਤੇ ਨੈੱਟਫ਼ਲਿਕਸ ਵਲੋਂ ਅਜੇ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਆਲੀਆ ਨੇ ਕਿਹਾ, ”ਡਾਰਲਿੰਗਜ਼ ਦਾ ਮੇਰੇ ਦਿਲ ‘ਚ ਇੱਕ ਵਿਸ਼ੇਸ਼ ਸਥਾਨ ਹੈ। ਨਿਰਮਾਤਾ ਵਜੋਂ ਇਹ ਮੇਰੀ ਪਹਿਲੀ ਫ਼ਿਲਮ ਹੈ, ਉਹ ਵੀ ਰੈੱਡ ਚਿਲੀਜ਼ ਨਾਲ। ਸਾਨੂੰ ਮਾਣ ਅਤੇ ਆਸ ਹੈ ਕਿ ਇਹ ਫ਼ਿਲਮ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ।











