ਮੂਸੇਵਾਲਾ ਲਈ ਬਰੈਂਪਟਨ ‘ਚ ਕੱਢਿਆ ਕੈਂਡਲ ਮਾਰਚ

ਬਰੈਂਪਟਨ (ਚਮਕੌਰ ਮਾਛੀਕੇ): ਬੀਤੇ ਦਿਨੀਂ, ਮਰਹੂਮ ਪੰਜਾਬੀ ਗਾਇਕ, ਰੈਪਰ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਿੱਧੂ ਮੂਸੇਵਾਲਾ ਨੂੰ ਬਰੈਂਪਟਨ ‘ਚ ਭਿੱਜੀਆਂ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ ਗਈ। ਇਸ ਸ਼ਰਧਾਂਜਲੀ ਸਮਾਗਮ ‘ਚ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਅਤੇ ਪੰਜਾਬੀਆਂ ਨੇ ਸ਼ਿਰਕਤ ਕੀਤੀ। ਭਰੀ ਜਵਾਨੀ ‘ਚ ਇਸ ਤਰ੍ਹਾਂ ਮੂਸੇਵਾਲਾ ਦਾ ਕਤਲ ਕਿਸੇ ਦੀ ਸਮਝ ‘ਚ ਨਹੀਂ ਆ ਰਿਹਾ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਵਲੋਂ ਉਸ ਨੂੰ ਇੱਕ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ‘ਤੇ ਬੋਲਦਿਆਂ ਆਮ ਲੋਕਾਂ ਅਤੇ ਬੁੱਧੀਜੀਵੀਆਂ ਨੇ ਇੱਕ ਆਵਾਜ਼ ‘ਚ ਕਿਹਾ, “ਪੰਜਾਬ ‘ਚ ਦਿਨ-ਦਿਹਾੜੇ ਇਸ ਤਰ੍ਹਾਂ ਕਿਸੇ ਨੌਜਵਾਨ ਦਾ ਕਤਲ ਹੋਣਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦਾ ਮਾਹੌਲ ਦਿਨ-ਬ-ਦਿਨ ਵਿਗੜਦਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨਿੱਤ ਗੈਂਗਵਾਰ ਦਾ ਸ਼ਿਕਾਰ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਕਤਲ ਹੋਣਾ ਸਰਕਾਰ ਅਤੇ ਸਿਸਟਮ ‘ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ।”

ਕੈਂਡਲ ਮਾਰਚ ‘ਚ ਹਾਜ਼ਰ ਸਿੱਧੂ ਦੇ ਪ੍ਰਸ਼ੰਸਕਾਂ ਨੇ ਕਿਹਾ, “ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਫ਼ੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਸਿੱਧੂ ਨੌਜਵਾਨਾਂ ਦਾ ਰੋਲ ਮਾਡਲ ਸੀ। ਨੌਜਵਾਨ ਉਸ ਨੂੰ ਸੁਣਨਾ ਪਸੰਦ ਕਰਦੇ ਸਨ। ਸਿੱਧੂ ਆਪਣੇ ਗੀਤਾਂ ਕਰ ਕੇ ਸਦਾ ਅਮਰ ਰਹੇਗਾ ਅਤੇ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ।”

Ajit Weekly