BC ਵਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਕਾਨੂੰਨ ’ਚ ਢਿੱਲ

ਮਿਸੀਸਾਗਾ (Ajit Weekly News): ਕੈਨੇਡਾ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ‘ਚ ਬਾਲਗਾਂ ਦੁਆਰਾ ਨਿੱਜੀ ਵਰਤੋਂ ਲਈ ਕੋਕੇਨ ਅਤੇ ਓਪੀਔਡਜ਼ ਵਰਗੇ ਕੁਝ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਬਜ਼ੇ ਨੂੰ ਅਸਥਾਈ ਤੌਰ ‘ਤੇ ਗ਼ੈਰ-ਅਪਰਾਧਕ ਬਣਾ ਦੇਵੇਗੀ ਤਾਂ ਕਿ ਸੂਬੇ ਵਿੱਚ ਨਸ਼ਿਆਂ ਦੀ ਓਵਰਡੋਜ਼ ਦੀ ਸਮੱਸਿਆ ਨਾਲ ਨਜਿੱਠਣ ‘ਚ ਮਦਦ ਮਿਲ ਸਕੇ।ਇਕ ਅਧਿਕਾਰਿਕ ਬਿਆਨ ਮੁਤਾਬਿਕ, ਇਹ ਸਾਰੇ ਪਦਾਰਥ ਗ਼ੈਰ-ਕਾਨੂੰਨੀ ਤਾਂ ਰਹਿਣਗੇ, ਪਰ ਜਿਹੜੇ ਬਾਲਗਾਂ ਕੋਲ 2.5 ਗ੍ਰਾਮ ਤਕ ਦੇ ਅਜਿਹੇ ਗ਼ੈਰ ਕਾਨੂੰਨੀ ਡਰੱਗਜ਼ ਕੇਵਲ ਨਿੱਜੀ ਇਸਤੇਮਾਲ ਲਈ ਫ਼ੜੇ ਜਾਣਗੇ, ਉਸ ਲਈ ਉਨ੍ਹਾਂ ਨੂੰ ਹੁਣ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ, ਉਨ੍ਹਾਂ ‘ਤੇ ਦੋਸ਼ ਨਹੀਂ ਲਗਾਇਆ ਜਾਵੇਗਾ, ਅਤੇ ਉਨ੍ਹਾਂ ਦੇ ਨਸ਼ੀਲੇ ਪਦਾਰਥ ਜ਼ਬਤ ਨਹੀਂ ਕੀਤੇ ਜਾਣਗੇ।
ਹਾਰਡ ਡਰੱਗਜ਼ ਦੀ ਛੋਟੀ ਮਾਤਰਾ ਨਿੱਜੀ ਇਸਤੇਮਾਲ ਲਈ ਰੱਖਣ ‘ਤੇ ਲੱਗੀਆਂ ਸਰਕਾਰੀ ਪਾਬੰਦੀਆਂ ਹਟਾਉਣ ਲਈ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ। ਕੈਨੇਡਾ ਦਾ ਸਭ ਤੋਂ ਪੱਛਮੀ ਪ੍ਰਾਂਤ BC ਦੇਸ਼ ਦੇ ਓਵਰਡੋਜ਼ ਸੰਕਟ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਅਤੇ ਸੂਬਾ ਸਰਕਾਰ ਨੇ ਨਵੰਬਰ ਵਿੱਚ ਕੈਨੇਡਾ ਦੀ ਸੰਘੀ ਸਰਕਾਰ ਨੂੰ ਅਜਿਹੀ ਛੋਟ ਲਈ ਬੇਨਤੀ ਕੀਤੀ ਸੀ।ਇਹ ਛੋਟ ਕੈਨੇਡਾ ‘ਚ ਪਹਿਲੀ ਵਾਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਕਲੰਕ ਨੂੰ ਘਟਾਉਣ, ਓਵਰਡੋਜ਼ ਨੂੰ ਲੈ ਕੇ ਆਮ ਲੋਕਾਂ ਦਾ ਮਾਰਗਦਰਸ਼ਨ ਕਰਨ ਲਈ ਕਾਨੂੰਨ ਲਾਗੂ ਕਰਨ ਅਤੇ ਹੋਰ ਅਥੌਰਿਟੀਜ਼ ਤਕ ਮਦਦ ਲਈ ਪਹੁੰਚ ਕਰਨਾ ਆਸਾਨ ਬਣਾਏਗੀ।ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੇ ਸੰਘੀ ਮੰਤਰੀ ਕੈਰੋਲਿਨ ਬੈਨੇਟ ਨੇ ਕਿਹਾ, “ਨਿੱਜੀ ਵਰਤੋਂ ਲਈ ਥੋੜ੍ਹੀ ਮਾਤਰਾ ‘ਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਦੀਆਂ ਅਪਰਾਧਕ ਸਜ਼ਾਵਾਂ ਨੂੰ ਖ਼ਤਮ ਕਰਨਾ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੇ ਕਲੰਕ ਅਤੇ ਨੁਕਸਾਨ ਨੂੰ ਘਟਾਏਗਾ ਅਤੇ ਓਵਰਡੋਜ਼ ਸੰਕਟ ਨੂੰ ਖ਼ਤਮ ਕਰਨ ਲਈ ਬ੍ਰਿਟਿਸ਼ ਕੋਲੰਬੀਆ ਲਈ ਇੱਕ ਹੋਰ ਸਾਧਨ ਪ੍ਰਦਾਨ ਕਰੇਗਾ।”
ਇਹ ਛੋਟ 31 ਜਨਵਰੀ 2023 ਤੋਂ ਲਾਗੂ ਹੋਵੇਗੀ ਅਤੇ 31 ਜਨਵਰੀ 2026 ਤਕ ਪ੍ਰਭਾਵੀ ਰਹੇਗੀ। ਤਿੰਨ ਸਾਲ ਦੀ ਇਹ ਛੋਟ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ‘ਤੇ ਲਾਗੂ ਹੋਵੇਗੀ। ਘੱਟ ਮਾਤਰਾ ‘ਚ ਛੋਟ ਵਾਲੇ ਨਸ਼ੀਲੇ ਪਦਾਰਥ ਕਿਸੇ ਵਿਅਕਤੀ ਦੇ ਕਬਜ਼ੇ ‘ਚੋਂ ਬਰਾਮਦ ਹੋਣ ‘ਤੇ ਪੁਲੀਸ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਉਪਲਬਧ ਸਿਹਤ ਅਤੇ ਸਮਾਜਿਕ ਸਹਾਇਤਾ ਬਾਰੇ ਜਾਣਕਾਰੀ ਪ੍ਰਦਾਨ ਕਰਾਏਗੀ। ਬੈਨੇਟ ਨੇ ਕਿਹਾ ਕਿ ਫ਼ੈਡਰਲ ਸਰਕਾਰ ਛੋਟਾਂ ਦਾ ਵਿਸ਼ਲੇਸ਼ਣ ਕਰਨ ਲਈ ਪ੍ਰਾਂਤ ਨਾਲ ਕੰਮ ਕਰੇਗੀ।ਇਹ ਛੋਟ ਹਵਾਈ ਅੱਡਿਆਂ, ਸਕੂਲਾਂ ਅਤੇ ਕੈਨੇਡੀਅਨ ਫ਼ੌਜ ਦੇ ਮੈਂਬਰਾਂ ‘ਤੇ ਲਾਗੂ ਨਹੀਂ ਹੋਵੇਗੀ।
ਕੈਨੇਡਾ ਭਰ ਵਿੱਚ 2016 ਅਤੇ 2021 ਦਰਮਿਆਨ ਲਗਭਗ 26 ਹਜ਼ਾਰ ਤੋਂ ਵੱਧ ਲੋਕਾਂ ਦੀ ਓਪੀਔਡ ਓਵਰਡੋਜ਼ ਕਾਰਨ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਵਿੱਚ 2016 ਤੋਂ, ਜਦੋਂ ਪ੍ਰਾਂਤ ਨੇ ਇੱਕ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਸੀ, ਓਵਰਡੋਜ਼ ਕਾਰਨ 9,400 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।ਸਥਾਨਕ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ ਸ਼ੀਲਾ ਮੈਲਕਮਸਨ ਨੇ ਕਿਹਾ ਕਿ ਪਦਾਰਥਾਂ ਦੀ ਵਰਤੋਂ ਜਨਤਕ ਸਿਹਤ ਦਾ ਮੁੱਦਾ ਹੈ, ਅਪਰਾਧਕ ਨਹੀਂ, ਅਤੇ ਇਹ ਤਾਜ਼ੀ ਛੋਟ ਸੂਬੇ ਨੂੰ ਸੰਕਟ ਨਾਲ ਲੜਨ ਵਿੱਚ ਮਦਦ ਕਰੇਗੀ।