ਭਾਰਤ ‘ਚ ਕੋਈ ਇੱਕ ਸਾਂਝੀ ਭਾਸ਼ਾ ਮਾਅਨੇ ਨਹੀਂ ਰੱਖਦੀ – ਆਯੂਸ਼ਮਾਨ

ਭਾਰਤ ਵਰਗੇ ਮੁਲਕ ਵਿੱਚ ਕੋਈ ਇੱਕ ਸਾਂਝੀ ਭਾਸ਼ਾ ਹੋਣ ਨਾਲੋਂ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਇੱਕ ਹੋਣ। ਇਹ ਗੱਲਾਂ ਬੌਲੀਵੁਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਇਥੇ ਮਿਰਾਜ ਸਿਨੇਮਾ ‘ਚ ਆਪਣੀ ਨਵੀਂ ਫ਼ਿਲਮ ਅਨੇਕ ਦੀ ਪ੍ਰਮੋਸ਼ਨ ਦੌਰਾਨ ਕਹੀਆਂ। ਦੇਸ਼ ਦੀ ਇੱਕ ਕੌਮੀ ਭਾਸ਼ਾ ਹੋਣ ਦੇ ਮੁੱਦੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਅਦਾਕਾਰ ਨੇ ਆਖਿਆ ਕਿ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ। ਆਯੂਸ਼ਮਾਨ ਨੇ ਕਿਹਾ, ”ਜੇਕਰ ਕਿਸੇ ਨੇ ਬਚਪਨ ਤੋਂ ਹਿੰਦੀ ਨਾ ਬੋਲੀ ਹੋਵੇ ਅਤੇ ਉਸ ਨੂੰ ਅਚਾਨਕ ਹਿੰਦੀ ਬੋਲਣ ਲਈ ਕਿਹਾ ਜਾਵੇ ਤਾਂ ਇਹ ਉਸ ਨਾਲ ਧੱਕਾ ਹੋਵੇਗਾ। ਸਾਨੂੰ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਜਿਨ੍ਹਾਂ ਨੂੰ ਹਿੰਦੀ ਭਾਸ਼ਾ ਨਹੀਂ ਆਉਂਦੀ ਉਨ੍ਹਾਂ ਨਾਲ ਗ਼ਲਤ ਵਿਵਹਾਰ ਨਹੀਂ ਕਰਨਾ ਚਾਹੀਦਾ। ਇਹ ਮਾਅਨੇ ਨਹੀਂ ਰੱਖਦਾ ਕਿ ਕਿਸੇ ਦੇਸ਼ ‘ਚ ਕੋਈ ਇੱਕ ਸਾਂਝੀ ਭਾਸ਼ਾ ਹੈ ਜਾਂ ਨਹੀਂ, ਸਿਰਫ਼ ਲੋਕਾਂ ਦੇ ਦਿਲ ਇੱਕ ਹੋਣੇ ਲਾਜ਼ਮੀ ਹਨ।”
ਆਯੂਸ਼ਮਾਨ ਨੇ ਅੱਗੇ ਕਿਹਾ, ”ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਧਰਮਾਂ ਦੇ ਲੋਕ ਵਸਦੇ ਹਨ ਅਤੇ ਹਰ ਦਸ ਕਿਲੋਮੀਟਰ ‘ਤੇ ਬੋਲੀ ਬਦਲ ਜਾਂਦੀ ਹੈ ਅਤੇ ਸਾਡੀ ਇਸ ਅਨੇਕਤਾ ਵਿੱਚ ਹੀ ਦੇਸ਼ ਦੀ ਸਭ ਤੋਂ ਵਿਲੱਖਣ ਏਕਤਾ ਛੁਪੀ ਹੋਈ ਹੈ। ਸਾਨੂੰ ਭਾਰਤ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।”ਉਸ ਨੇ ਆਖਿਆ ਕਿ ਭਾਰਤ ਵਿੱਚ ਖੇਡਾਂ ਅਤੇ ਸਿਨੇਮਾ ਲੋਕਾਂ ਨੂੰ ਆਪਸ ‘ਚ ਜੋੜਨ ਅਤੇ ਉਨ੍ਹਾਂ ਵਿੱਚ ਬਰਾਬਰੀ ਦੀ ਭਾਵਨਾ ਪੈਦਾ ਕਰਨ ਵਾਲੇ ਦੋ ਸਭ ਤੋਂ ਵੱਡੇ ਮਾਧਿਅਮ ਹਨ ਜਿਥੇ ਭਾਸ਼ਾ, ਧਰਮ ਅਤੇ ਜ਼ਾਤ ਦੇ ਕੋਈ ਮਾਇਨੇ ਨਹੀਂ ਰਹਿੰਦੇ। ਫ਼ਿਲਮ ਅਨੇਕ ਭਾਰਤ ਦੇ ਉੱਤਰ-ਪੂਰਬੀ ਹਿੱਸੇ ਦੀ ਪਿਠਭੂਮੀ ‘ਤੇ ਆਧਾਰਿਤ ਹੈ ਜਿਸ ਵਿੱਚ ਆਯੂਸ਼ਮਾਨ ਇੱਕ ਖ਼ੁਫ਼ੀਆ ਪੁਲੀਸ ਵਾਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਉੱਤਰ ਪੂਰਬੀ ਇਲਾਕਿਆਂ ਦੇ ਲੋਕਾਂ ਨਾਲ ਹੋਣ ਵਾਲੇ ਵਿਤਕਰਿਆਂ ਦੀ ਕਹਾਣੀ ਬਿਆਨ ਕਰਦੀ ਇਸ ਫ਼ਿਲਮ ‘ਚ ਆਯੂਸ਼ਨਮਾਨ ਅਤੇ ਆਰਟੀਕਲ-15 ਦੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਜੋੜੀ ਮੁੜ ਇਕੱਠੀ ਹੋਈ ਹੈ। ਇਹ ਫ਼ਿਲਮ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।